ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਜੋ ਨਾਂਦੇੜ ਤੋਂ ਵਾਪਸ ਆਈਆਂ, ਨੂੰ ਕੋਰੋਨਾ ਪੀੜਤ ਦੱਸਣਾ ਸ਼ੱਕ ਦੇ ਘੇਰੇ ਵਿਚ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੰਗਤਾਂ ਸਵਾ ਮਹੀਨੇ ਦੀ ਕਰੀਬ ਸ਼੍ਰੀ ਹਜੂਰ ਸਾਹਿਬ ਦੀਆਂ ਸਰਾਵਾਂ ਵਿਚ ਠਹਿਰੀਆਂ ਸਨ, ਜਿਸ ਦੌਰਾਨ ਉਨ੍ਹਾਂ ਦੇ ਤਿੰਨ ਵਾਰ ਟੈਸਟ ਕਰਵਾਏ ਗਏ ਸਨ, ਜਿਸ ਵਿਚ ਕਿਸੇ ਵੀ ਸ਼ਰਧਾਲੂ ਦੇ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪਹੁੰਚਦਿਆਂ ਹੀ ਸੰਗਤਾਂ ਕੋਰੋਨਾ ਪੀੜਤ ਕਿਵੇਂ ਹੋ ਗਈਆਂ।

ਜਥੇਦਾਰ ਨੇ ਕਿਹਾ ਕਿ 25 ਅਪ੍ਰੈਲ ਨੂੰ ਸੰਗਤਾਂ ਦੀ ਪੰਜਾਬ ਵਿਚ ਵਾਪਸੀ ਸ਼ੁਰੂ ਹੁੰਦੀ ਹੈ ਅਤੇ 27 ਅਪ੍ਰੈਲ ਨੂੰ ਟੈਸਟ ਕਰਵਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਕੋਰੋਨਾ ਦੇ ਨਾਂ ਤੇ ਜਬਰੀ ਘਰੋਂ ਚੁੱਕ ਕੇ ਡੇਰਿਆਂ ਵਿਚ ਬੰਦ ਕੀਤਾ ਜਾ ਰਿਹਾ ਹੈ, ਜੋ ਹੈਰਾਨੀ ਦੀ ਗੱਲ ਹੈ।

ਜਥੇਦਾਰ ਨੇ ਕਿਹਾ ਕਿ ਇਹ ਤਬਲੀਗੀ ਭਾਈਚਾਰੇ ਦੇ ਮੁਸਲਮਾਨ ਸਮਾਜ ਵਾਂਗ ਸਿੱਖ ਸਮਾਜ ਨੂੰ ਵੀ ਨਿਸ਼ਾਨਾ ਬਣਾਉਣ ਦੀ ਸਾਜਿਸ਼ ਜਾਪਦੀ ਹੈ। ਉਨ੍ਹਾਂ ਇਸ ਗੱਲ ਤੇ ਵੀ ਸਖਤ ਨੋਟਿਸ ਲਿਆ ਕਿ ਸਿੱਖ ਸੰਗਤਾਂ ਨੂੰ ਸਿੱਖ ਭਾਵਨਾਵਾਂ ਦੇ ਉਲਟ ਗੁਰੂ ਘਰਾਂ ਦੀ ਬਜਾਏ ਧੱਕੇ ਨਾਲ ਡੇਰਿਆਂ ਵਿਚ ਠਹਿਰਾਇਆ ਜਾ ਰਿਹਾ ਹੈ।

Posted By: Jagjit Singh