ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਿੱਖ ਬੁਧੀਜੀਵੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਿੰਘ ਸਾਹਿਬ ਕੋਲ ਪੰਥ ਦੀਆਂ ਕੁੱਝ ਨਿਹੰਗ ਜਥੇਬੰਦੀਆਂ ਵਿਚ ਅੰਮਿ੍ਤਪਾਨ ਕਰਵਾਉਣ ਲਈ ਦਲਿਤ ਵਰਗ ਦੇ ਲੋਕਾਂ ਨਾਲ ਭੇਦਭਾਵ ਤੇ ਵਿਕਰਤੇਬਾਜ਼ੀ ਕਰਨ ਦਾ ਮੁੱਦਾ ਉਠਾਇਆ।

ਮੁਲਾਕਾਤ ਦੌਰਾਨ ਬਾਬਾ ਵੀਰ ਸਿੰਘ ਧੀਰ ਸਿੰਘ ਫ਼ਾਊਂਡੇਸ਼ਨ ਪੰਜਾਬ ਦੇ ਜਨਰਲ ਸਕੱਤਰ ਤੇ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਪ੍ਰਧਾਨ ਖੁਸ਼ਹਾਲ ਸਿੰਘ, ਸੀਨੀਅਰ ਪੱਤਰਕਾਰ ਤੇ ਸਿੱਖ ਚਿੰਤਕ ਜਸਪਾਲ ਸਿੰਘ ਸਿੱਧੂ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਗਲੋਬਲ ਸਿੱਖ ਕੌਂਸਲ ਦੇ ਆਗੂ ਗੁਰਪ੍ਰਰੀਤ ਸਿੰਘ, ਪ੍ਰਰੋ. ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਅਜੇਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਨਿਹੰਗ ਜਥੇਬੰਦੀਆਂ ਨਾਲ ਸਬੰਧਤ ਗੁਰਸਿੱਖਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਸੀ ਕਿ ਕੁੱਝ ਨਿਹੰਗ ਜਥੇਬੰਦੀਆਂ ਅੰਮਿ੍ਤ ਸੰਚਾਰ ਮੌਕੇ ਦਲਿਤ ਵਰਗ ਦੇ ਲੋਕਾਂ ਨਾਲ ਵਿਤਕਰੇਬਾਜ਼ੀ ਤੇ ਭੇਦਭਾਵ ਕਰਦੀਆਂ ਹਨ। ਦਲਿਤ ਵਰਗ ਨਾਲ ਸਬੰਧਤ ਸਜੇ ਨਿਹੰਗਾਂ ਨੂੰ ਲੰਗਰ ਵੱਖਰਾ ਛਕਾਇਆ ਜਾਂਦਾ ਹੈ। ਉਨ੍ਹਾਂ ਦੇ ਭਾਂਡੇ ਵੀ ਵੱਖਰੇ ਰੱਖੇ ਜਾਂਦੇ ਹਨ। ਜੇਕਰ ਉੱਚ ਜਾਤੀ ਦੇ ਕਹਾਉਣ ਵਾਲੇ ਨਿਹੰਗਾਂ ਦੇ ਭਾਂਡਿਆਂ ਨੂੰ ਹੱਥ ਲੱਗ ਜਾਂਦਾ ਹੈ ਤਾਂ ਦਲਿਤ ਵਰਗ ਦੇ ਨਿਹੰਗ ਸਿੰਘਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਕਾਰਨ ਸਿੱਖ ਕੌਮ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ।

ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮਿਸਲ ਕਾਲ ਤਕ ਹਜ਼ਾਰਾਂ ਦਲਿਤ ਸਿੱਖਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਖੂਨ ਡੋਲਿਆ ਹੈ। ਦਲਿਤ ਵਰਗ ਨਾਲ ਵਿਤਕਰੇਬਾਜ਼ੀ ਸਿੱਖੀ ਸਿਧਾਤਾਂ ਦੀ ਉਲੰਘਣਾ ਹੈ। ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪੰਥਕ ਜਥੇਬੰਦੀਆਂ ਅੰਦਰ ਧਰਮ ਅਤੇ ਇਤਿਹਾਸ ਨਾਲ ਗੰਭੀਰ ਰੂਪ ਵਿਚ ਜੁੜੇ ਗੁਰਸਿੱਖ ਵੀਰਾਂ ਦੀ ਇਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਡੂੰਘੀ ਪੜਤਾਲ ਕਰਾਈ ਜਾਵੇ ਤੇ ਇਸ ਦਾ ਢੁੱਕਵਾਂ ਤੇ ਪੱਕਾ ਹੱਲ ਕੀਤਾ ਜਾਵੇ।