ਕ੍ਰਿਸ਼ਨ ਸਿੰਘ ਦੁਸਾਂਝ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਕਰਮਵੀਰ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਲਏ ਸਟੈਂਡ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ 9 ਮੈਂਬਰਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਵਿਰੁੱਧ ਪੰਥ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦਾਦੂਵਾਲ ਨੇ ਸਿੱਖ ਕੌਮ ਦੀ ਸਹੀ ਸਮੇਂ ਸਹੀ ਤਰਜ਼ਮਾਨੀ ਕੀਤੀ ਹੈ ਜਿਹਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਦਾਦੂਵਾਲ ਦੇ ਲਏ ਸਖ਼ਤ ਸਟੈਂਡ ਕਾਰਨ ਪੰਥਕ ਦਰਦੀਆਂ ਦੇ ਚਿਹਰੇ ਖਿੜ ਉੱਠੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਪੰਥ ਦੇ ਸੰਘਰਸ਼ ਕਰਕੇ ਹੋਣੀਆਂ ਹਨ ਨਾ ਕਿ ਬੰਦੀ ਸਿੰਘਾਂ ਨੂੰ ਅੱਤਵਾਦੀ ਤੇ ਕਾਤਲਾਂ ਦੇ ਖ਼ਿਤਾਬ ਦੇਣ ਵਾਲਿਆਂ ਕਾਰਨ। ਉਨ੍ਹਾਂ ਕਿਹਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਪਰਦੇ ਹੇਠ ਕਿਸੇ ਕੀਮਤ ਤੇ ਵੀ ਬਾਦਲਾਂ ਦੇ ਗੁਨਾਹ ਮਾਫ਼ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਬਾਦਲ ਵਿਰੋਧੀ ਕਮੇਟੀ ਮੈਂਬਰਾਂ ਦੀ ਸਾਜ਼ਿਸ਼ੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੀ ਕਰ ਰਹੀ ਹੈ ਤੇ ਉਨ੍ਹਾਂ ਦੇ ਪੰਥਕ ਅਕਸ ਨੂੰ ਭਾਰੀ ਢਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਵਲੋਂ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ, ਸੌਦਾ ਸਾਧ ਨੂੰ ਮਾਫੀ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ, ਲੋਹਾਰਾ ਨੂਰਮਹਿਲੀਆ ਕਾਂਡ, ਚੌੜ ਸਿੱਧਵਾਂ ਕਾਂਡ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਕਰਨ ਦੇ ਮਾਮਲੇ ਨੂੰ ਸਿੱਖ ਕੌਮ ਭਲਾ ਕਿਵੇਂ ਭੁੱਲ ਸਕਦੀ ਹੈ ਜਥੇਦਾਰ ਦਾਦੂਵਾਲ ਵਲੋਂ ਮਰਦਾਂ ਵਾਂਗ ਲਏ ਸਟੈਂਡ ਦੀ ਭਰਭੂਰ ਸਲਾਘਾ ਕਰਦੇ ਹਾਂ।

Posted By: Seema Anand