ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਕਾਰਨ ਅਫਗਾਨਿਸਤਾਨ ਤੋਂ ਵੀਰਵਾਰ ਨੂੰ ਭਾਰਤ ਪੁੱਜੇ 11 ਸਿੱਖਾਂ ਨੂੰ ਸ਼ੋ੍ਮਣੀ ਕਮੇਟੀ ਵੱਲੋਂ ਜਿਥੇ ਉਨ੍ਹਾਂ ਦੇ ਹਵਾਈ ਸਫਰ ਦਾ ਖਰਚ ਅਦਾ ਕੀਤਾ ਗਿਆ, ਉਥੇ ਹੀ ਦਿੱਲੀ ਹਵਾਈ ਅੱਡੇ 'ਤੇ ਉਚੇਚੇ ਤੌਰ 'ਤੇ ਪੁੱਜੇ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੀਤ ਸਕੱਤਰ ਸਿਮਰਜੀਤ ਸਿੰਘ, ਬੀਬੀ ਰਣਜੀਤ ਕੌਰ ਦਿੱਲੀ ਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮਾਣਾ ਨੇ ਅਫਗਾਨੀ ਸਿੱਖਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਦੱਸਣਯੋਗ ਹੈ ਕਿ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਗੇ, ਉਨ੍ਹਾਂ ਦੇ ਹਵਾਈ ਖਰਚ ਦਾ ਪ੍ਰਬੰਧ ਸ਼ੋ੍ਮਣੀ ਕਮੇਟੀ ਕਰੇਗੀ। ਇਸੇ ਤਹਿਤ ਹੀ ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਦਿੱਲੀ ਹਵਾਈ ਅੱਡੇ 'ਤੇ ਅਫਗਾਨੀ ਸਿੱਖਾਂ ਦੇ ਸਵਾਗਤ ਲਈ ਪੁੱਜੇ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸ਼ੋ੍ਮਣੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਫਗਾਨੀ ਸਿੱਖਾਂ ਨੂੰ ਭਾਰਤ ਲਿਆਉਣ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਅੱਜ ਅਫਗਾਨਿਸਤਾਨ ਤੋਂ 11 ਸਿੱਖਾਂ ਦਾ ਪਹਿਲਾ ਜੱਥਾ ਦਿੱਲੀ ਪੁੱਜਿਆ ਹੈ। ਇਨ੍ਹਾਂ ਸਿੱਖਾਂ ਵਿਚ ਹਮਲੇ ਦੌਰਾਨ ਜ਼ਖਮੀ ਹੋਇਆ ਇਕ ਸਿੱਖ ਵੀ ਸ਼ਾਮਲ ਹੈ ਅਤੇ ਉਹ ਆਪਣੇ ਨਾਲ ਹਮਲੇ ਦੌਰਾਨ ਮਾਰੇ ਗਏ ਸਿੱਖ ਦੀਆਂ ਅਸਥੀਆਂ ਵੀ ਲੈ ਕੇ ਆਏ ਹਨ।

ਇਸ ਮੌਕੇ ਕਾਬਲ ਤੋਂ ਪੁੱਜੇ ਸਿੱਖਾਂ ਵਿਚ ਮਨਮੋਹਨ ਸਿੰਘ ਸੇਠੀ, ਜ਼ਖਮੀ ਹੋਏ ਸਿੰਘ ਰਘਬੀਰ ਸਿੰਘ, ਜਗਮੀਤ ਸਿੰਘ, ਅਜਮੀਤ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਸੁਰਬੀਰ ਸਿੰਘ, ਅਜਮੀਤ ਸਿੰਘ ਗਰਦੇਜੀ, ਰਜਵੰਤ ਸਿੰਘ ਆਦਿ ਸਮੇਤ ਦਿੱਲੀ 'ਚ ਅਫਗਾਨੀ ਸਿੱਖਾਂ ਦੇ ਆਗੂ ਕੁਲਜੀਤ ਸਿੰਘ, ਛੈਬਲ ਸਿੰਘ, ਪ੍ਰਤਾਪ ਸਿੰਘ, ਇਰਾ ਸਿੰਘ, ਮਨੋਹਰ ਸਿੰਘ ਪ੍ਰਧਾਨ, ਹਰਭਜਨ ਸਿੰਘ, ਮਾਨਸਾ ਰਾਮ ਪ੍ਰਧਾਨ ਆਦਿ ਮੌਜੂਦ ਸਨ।