ਗੁਰਮੀਤ ਸੰਧੂ, ਅੰਮ੍ਰਿਤਸਰ : ਸਰਹੱਦੀ ਜ਼ਿਲ੍ਹੇ ਗੁਰਦਾਸਪੁਰ 'ਚ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂ ’ਤੇ ਸਥਾਪਤ ਕੀਤੀ ਗਈ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਪਲੇਠੇ ਵੀਸੀ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੀ ਇਹ ਨਿਯੁਕਤੀ ਜੀਐੱਨਡੀਯੂ ਦੇ ਵੀਸੀ ਨਾਲ ਵਾਧੂ ਭਾਰ ਵਜੋਂ ਹੋਵੇਗੀ।

ਇਸ ਸਬੰਧੀ ਸੂਬਾ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਆਈਏਐੱਸ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ (ਟੈਕਨੀਕਲ ਐਜੁੂਕੇਸ਼ਨ-2 ਬ੍ਰਾਂਚ) ਦੀ ਅੰਡਰ ਸੈਕਟਰੀ ਚਰਨਜੀਤ ਕੌਰ ਨੇ ਪੱਤਰ ਜਾਰੀ ਕਰ ਕੇ ਅਧਿਕਾਰਤ ਤੌਰ ’ਤੇ ਖ਼ੁਲਾਸਾ ਕੀਤਾ ਹੈ।

ਦੱਸਣਯੋਗ ਹੈ ਕਿ ਜੀਐੱਨਡੀਯੂ ਦੇ ਵੀਸੀ ਪ੍ਰੋ. ਡਾ. ਸੰਧੂ ਕੋਲ ਇਸ ਤੋਂ ਪਹਿਲਾਂ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਸਥਾਪਤ ਕੀਤੀ ਗਈ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਦੇ ਵੀ ਬਤੌਰ ਵੀਸੀ ਦਾ ਵਾਧੂ ਚਾਰਜ ਹੈ। ਜੀਐੱਨਡੀਯੂ ਦੇ ਰਜਿਸਟ੍ਰਾਰ ਪ੍ਰੋ. ਡਾ. ਕੇਐੱਸ ਕਾਹਲੋਂ, ਡੀਨ ਅਕੈਡਮਿਕ ਪ੍ਰੋ. ਡਾ. ਹਰਦੀਪ ਸਿੰਘ, ਕੰਟਰੋਲਰ ਪ੍ਰੋ. ਡਾ. ਮਨੋਜ ਕੁਮਾਰ ਤੇ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁਖੀ ਤੇ ਕੋਆਰਡੀਨੇਟਰ ਪ੍ਰੋ. ਡਾ. ਪ੍ਰੀਤਮਹਿੰਦਰ ਸਿੰਘ ਬੇਦੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Posted By: Seema Anand