ਨਵੀਨ ਰਾਜਪੂਤ, ਅੰਮ੍ਰਿਤਸਰ: ਬਿਆਸ ਥਾਣੇ ਅਧੀਨ ਪੈਂਦੇ ਸਠਿਆਲਾ ਪਿੰਡ ’ਚ ਬੁੱਧਵਾਰ ਨੂੰ ਗੈਂਗਸਟਰ ਜਰਨੈਲ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਪੁਲਿਸ ਦੇ ਹੱਥ ਤੀਜੇ ਦਿਨ ਵੀ ਖਾਲੀ ਹੈ। ਓਧਰ, ਪਤਾ ਲੱਗਾ ਹੈ ਕਿ ਬਲਵਿੰਦਰ ਡੋਨੀ ਲਗਪਗ ਚਾਰ ਮਹੀਨੇ ਪਹਿਲਾਂ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਤੋਂ ਬਾਅਦ ਤੋਂ ਹੀ ਰੂਪੋਸ਼ ਚੱਲ ਰਿਹਾ ਹੈ। ਪੁਲਿਸ ਨੇ ਡੋਨੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਮੁਲਜ਼ਮ ਬਾਰੇ ਕੁਝ ਪਤਾ ਨਹੀਂ ਲਗਾ ਸਕੀ। ਬਲਵਿੰਦਰ ਸਿੰਘ ਉਰਫ ਡੋਨੀ ਦੀ ਮਾਰੇ ਜਾ ਚੁੱਕੇ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਗੈਂਗ ਨਾਲ ਕਾਫੀਆਂ ਨਜ਼ਦੀਕੀਆਂ ਹਨ। ਬੰਬੀਹਾ ਗੈਂਗ ਦੇ ਮੈਂਬਰਾਂ ਨੇ ਵੀਰਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਪਾ ਕੇ ਗੈਂਗਸਟਰ ਜਰਨੈਲ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਪੋਸਟ ’ਚ ਲਿਖਿਆ ਸੀ ਕਿ ਜਰਨੈਲ ਸਿੰਘ ਦੀ ਹੱਤਿਆ ਗੋਪੀ ਮਾਹਲ ਤੇ ਡੋਨੀ ਨੇ ਕੀਤੀ ਹੈ। ਹਾਲਾਂਕਿ ਇਸ ਪੋਸਟ ਨੂੰ ਲੈ ਕੇ ਪੁਲਿਸ ਅਧਿਕਾਰੀ ਕੁਝ ਸਪੱਸ਼ਟ ਨਹੀਂ ਕਰ ਰਹੇ। ਪੋਸਟ ਕਿਸ ਨੇ ਅਪਲੋਡ ਕੀਤੀ ਤੇ ਕਿਸ ਸਿਸਟਮ (ਮੋਬਾਈਲ ਜਾਂ ਲੈਪਟਾਪ) ਰਾਹੀਂ ਪਾਈ ਗਈ ਇਸ ਨੂੰ ਲੈ ਕੇ ਪੁਲਿਸ ਸਾਈਬਰ ਸ਼ਾਖਾ ਦੀ ਮਦਦ ਲੈ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਦਨਾਮ ਗੈਂਗਸਟਰ ਗੋਪੀ ਮਾਹਲ ਹੁਣ ਵਿਦੇਸ਼ ’ਚ ਹੈ ਜਾਂ ਫਿਰ ਦੇਸ਼ ’ਚ ਹੀ ਕਿਤੇ ਲੁਕਿਆ ਬੈਠਾ ਹੈ। ਇਸ ਬਾਰੇ ਖੁਫੀਆ ਏਜੰਸੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਦਾ ਨਾਂ ਲੈ ਕੇ ਜਰਨੈਲ ਸਿੰਘ ਦੇ ਹੱਤਿਆਰਿਆਂ ਤਕ ਪੁੱਜਣ ਲਈ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸੀਆਈਏ ਸਟਾਫ ਨੇ ਜ਼ਮਾਨਤ ’ਤੇ ਰਿਹਾਅ ਗੈਂਗਸਟਰ ਤੇ ਉਨ੍ਹਾਂ ਦੇ ਕਰਿੰਦਿਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਹੈ। ਸ਼ੁੱਕਰਵਾਰ ਨੂੰ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਸ਼ੱਕੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਸ਼ਹਿਰ ਨਹੀਂ ਛੱਡ ਸਕਣਗੇ। ਇਸ ਦੇ ਨਾਲ ਹੀ ਪੁਲਿਸ ਜਦੋਂ ਉਨ੍ਹਾਂ ਨੂੰ ਸੱਦੇ ਜਾਂਚ ’ਚ ਸਹਿਯੋਗ ਲਈ ਥਾਣੇ ਪੁੱਜਣਾ ਪਵੇਗਾ।

ਜ਼ਿਕਰਯੋਗ ਹੈ ਕਿ ਚਾਰ ਅਪਰਾਧਿਕ ਮਾਮਲਿਆਂ ’ਚ ਜ਼ਮਾਨਤ ’ਤੇ ਚੱਲ ਰਹੇ ਗੈਂਗਸਟਰ ਜਰਨੈਲ ਸਿੰਘ ਦੀ ਤਿੰਨ ਵਿਅਕਤੀਆਂ ਨੇ ਬੁੱਧਵਾਰ ਦੀ ਦੁਪਹਿਰ ਉਸ ਦੇ ਸਠਿਆਲਾ ਪਿੰਡ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਚਾਰ ਵਿਅਕਤੀ ਸਵਿਫਟ ਕਾਰ ’ਚ ਸਵਾਰ ਹੋ ਕੇ ਪੁੱਜੇ ਸਨ। ਵਾਰਦਾਤ ਸਮੇਂ ਇਕ ਹਤਿਆਰਾ ਕਾਰ ’ਚ ਹੀ ਸਵਾਰ ਸੀ। ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਸੀ। ਪੋਸਟ ਸ਼ੇਅਰ ਕਰਨ ਵਾਲਿਆਂ ਨੇ ਫੇਸਬੁੱਕ ’ਤੇ ਜਰਨੈਲ ਸਿੰਘ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਸੀ।

Posted By: Sandip Kaur