ਜੇਐੱਨਐੱਨ, ਅੰਮਿ੍ਤਸਰ : ਅਪਰਾਧੀਆਂ ਦਾ ਗੜ੍ਹ ਬਣ ਚੁੱਕੀ ਫਤਾਹਪੁਰ ਜੇਲ੍ਹ 'ਚ ਬੁੱਧਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਨੇ ਦੋ ਵਾਰਡਨ ਨੂੰ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਚਾਰ ਮੋਬਾਈਲ, ਨਸ਼ੇ ਦੀਆਂ 25 ਗੋਲੀਆਂ, ਸਿਲਵਰ ਪੇਪਰ, ਦੋ ਲਾਈਟਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਵਾਰਡਨ ਜੋਬਨ ਸਿੰਘ ਤੇ ਵਾਰਡਨ ਗੁਰਪ੍ਰਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਫੜੇ ਗਏ ਮੁਲਜ਼ਮਾਂ ਨੇ ਪੁਲਿਸ ਹਿਰਾਸਤ 'ਚ ਮੰਨਿਆ ਹੈ ਕਿ ਉਕਤ ਕਾਰੋਬਾਰ 'ਚ ਉਨ੍ਹਾਂ ਨੂੰ ਵਾਰਡਨ ਪ੍ਰਰੀਤ ਸਿੰਘ ਤੇ ਸਫਾਈ ਸੇਵਕ ਮਨਦੀਪ ਸਿੰਘ ਦਾ ਵੀ ਕਾਫੀ ਸਹਿਯੋਗ ਰਿਹਾ ਹੈ। ਪੁਲਿਸ ਪਤਾ ਲਾਉਣ 'ਚ ਲੱਗੀ ਹੋਈ ਹੈ ਕਿ ਮੁਲਜ਼ਮ ਇਸ ਤੋਂ ਪਹਿਲਾਂ ਕਿੰਨੇ ਕੈਦੀਆਂ ਨੂੰ ਜੇਲ੍ਹ 'ਚ ਮੋਬਾਈਲ ਤੇ ਨਸ਼ਾ ਪਹੁੰਚਾ ਚੁੱਕੇ ਹਨ। ਉੱਧਰ, ਸੀਆਈਏ ਸਟਾਫ ਦੇ ਏਸੀਪੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਿਹੜੇ ਕੈਦੀਆਂ ਨੂੰ ਜੇਲ੍ਹ 'ਚ ਉਕਤ ਸਾਮਾਨ ਪਹੁੰਚਾਇਆ ਸੀ ਉਨ੍ਹਾਂ ਨੂੰ ਛੇਤੀ ਹੀ ਪ੍ਰਰੋਡਕਸ਼ਨ ਵਾਰੰਟ 'ਤੇ ਲਿਆ ਕਿ ਪੁੱਛ-ਪੜਤਾਲ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਜੇਲ੍ਹ ਦੀ ਖੁਫੀਆ ਬਰਾਂਚ ਨੂੰ ਸੂਚਨਾ ਮਿਲੀ ਸੀ ਕਿ ਵਾਰਡਨ ਗੁਰਪ੍ਰੀਤ ਸਿੰਘ ਤੇ ਵਾਰਡਨ ਜੋਬਨ ਸਿੰਘ ਜੇਲ੍ਹ 'ਚ ਬੰਦ ਖਤਰਨਾਕ ਕੈਦੀਆਂ ਨੂੰ ਨਸ਼ੀਲੇ ਪਦਾਰਥ ਪਹੁੰਚਾਉਣ ਦਾ ਕਾਰੋਬਾਰ ਕਰਦੇ ਹਨ। ਬੁੱਧਵਾਰ ਦੀ ਦੇਰ ਰਾਤ ਦੋਵਾਂ ਦੀ ਡਿਊਟੀ ਜੇਲ੍ਹ ਅੰਦਰ ਲੱਗੀ ਸੀ। ਜਦੋਂ ਜੇਲ੍ਹ ਗਾਰਦ ਨੇ ਦੋਵਾਂ ਮੁਲਾਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ 'ਚੋਂ ਚਾਰ ਮੋਬਾਈਲ, ਨਸ਼ੇ ਦੀਆਂ ਗੋਲੀਆਂ, ਸਿਲਵਰ ਪੇਪਰ, ਦੋ ਲਾਈਟਰ ਤੇ ਚਾਰਜਰ ਬਰਾਮਦ ਕੀਤੇ।

ਅੱਤਵਾਦੀ ਤੇ ਗੈਂਗਸਟਰ ਬੰਦ ਹਨ ਜੇਲ੍ਹ 'ਚ

ਦੱਸ ਦਈਏ ਕਿ ਜੇਲ੍ਹ 'ਚ ਖਤਰਨਾਕ ਅੱਤਵਾਦੀ, ਗੈਂਗਸਟਰ ਤੇ ਹੱਤਿਆ ਦੇ ਮਾਮਲਿਆਂ ਦੇ ਕੈਦੀ ਬੰਦ ਹਨ। ਮੋਬਾਈਲ ਰਾਹੀਂ ਜੇਲ੍ਹ 'ਚੋਂ ਅੱਤਵਾਦੀ ਹਥਿਆਰਾਂ ਤੇ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾ ਕੇ ਚੁੱਕੇ ਹਨ। ਇਹੀ ਨਹੀਂ ਜੇਲ੍ਹ 'ਚ ਬੰਦ ਗੈਂਗਸਟਰ ਮੋਬਾਈਲ ਰਾਹੀਂ ਹੈਰੋਇਨ ਦੀਆਂ ਖੇਪਾਂ ਆਪਣੇ ਗੁਰਗਿਆਂ ਰਾਹੀਂ ਠਿਕਾਣੇ ਵੀ ਲਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਬੀਤੇ ਕੁਝ ਦਿਨਾਂ ਤੋਂ ਕਈ ਮੋਬਾਈਲ ਬਰਾਮਦ ਕਰ ਚੁੱਕਾ ਹੈ।