ਜ.ਸ, ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਸਾਲ ਵਿਚ ਹੀ ਅਰਸ਼ ਤੋਂ ਫਰਸ਼ ’ਤੇ ਆ ਗਏ। ਇਸ ਸਾਲ ਸਿੱਧੂ ਦਾ ਲਗਾਤਾਰ ਚੋਣ ਜਿੱਤ ਦਾ ਸਫ਼ਰ ਵੀ ਰੁਕ ਗਿਆ ਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ’ਚ ਹਾਰ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਪੀਪੀਸੀਸੀ ਦੇ ਪ੍ਰਧਾਨ ਅਹੁਦੇ ਤੋਂ ਵੀ ਹਟਾ ਦਿੱਤਾ। ਹੁਣ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 34 ਸਾਲ ਪੁਰਾਣੇ ਰੋਡਰੇਜ ਕੇਸ ਵਿਚ ਇਕ ਸਾਲ ਦੀ ਸਜਾ ਸੁਣਾਈ ਹੈ।

ਸਿੱਧੂ ਨੇ 2004 ’ਚ ਗੁਰੂ ਨਗਰੀ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਭਾਜਪਾ ਨਾਲ ਕੀਤੀ ਸੀ। 2004 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਕਾਂਗਰਸ ਦੇ ਦਿੱਗਜ ਨੇਤਾ ਆਰਐੱਲ ਭਾਟੀਆ ਨੂੰ 1,09,532 ਵੋਟਾਂ ਨਾਲ ਹਰਾਇਆ। ਭਾਟੀਆ ਛੇ ਵਾਰ ਅੰਮ੍ਰਿਤਸਰ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਫਿਰ ਸਿੱਧੂ ਨੇ 2007 ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਸੁਰਿੰਦਰ ਸਿੰਗਲਾ ਨੂੰ 77,626 ਤੇ 2009 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ 6,858 ਵੋਟਾਂ ਨਾਲ ਮਾਤ ਦਿੱਤੀ। ਭਾਜਪਾ ਨੇ 2014 ’ਚ ਸਿੱਧੂ ਦੀ ਟਿਕਟ ਕੱਟ ਕੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇ ਦਿੱਤੀ। ਇਸ ਤੋਂ ਸਿੱਧੂ ਨਾਰਾਜ਼ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ। 28 ਅਪ੍ਰੈਲ 2016 ਨੂੰ ਉਨ੍ਹਾਂ ਨੇ ਰਾਜ ਸਭਾ ਦੀ ਸਹੁੰ ਚੁੱਕੀ, ਪੰਜਾਬ ਦੀ ਰਾਜਨੀਤੀ ਤੋਂ ਆਪਣੇ ਆਪ ਨੂੰ ਦੂਰ ਹੁੰਦਾ ਦੇਖ ਕੇ 18 ਜੁਲਾਈ 2016 ਨੂੰ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਆਪਣੇ ਸਿਆਸੀ ਕਰੀਅਰ ’ਚ ਉਨ੍ਹਾਂ ਨੇ ਪੰਜ ਵਾਰ ਅਸਤੀਫ਼ਾ ਦਿੱਤਾ। ਉਹ ਹਮੇਸ਼ਾ ਵਿਵਾਦਾਂ ’ਚ ਰਹੇ।

2017 ’ਚ ਫਡ਼ ਲਿਆ ਕਾਂਗਰਸ ਦਾ ਹੱਥ

15 ਜਨਵਰੀ 2017 ਨੂੰ ਸਿੱਧੂ ਨੇ ਕਾਂਗਰਸ ਦਾ ਹੱਥ ਫਡ਼ ਲਿਆ ਤੇ ਇਸ ਪਾਰਟੀ ਦਾ ਹਿੱਸਾ ਬਣੇ। ਕਾਂਗਰਸ ਵਿਚ ਆਉਣ ਤੋਂ ਬਾਅਦ ਉਹ ਆਪਣੀ ਪਤਨੀ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿਚ ਉਤਰੇ ਅਤੇ ਵਿਧਾਇਕ ਬਣੇ। 16 ਮਾਰਚ 2017 ਨੂੰ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰਾਲਾ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6 ਜੂਨ ਨੂੰ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਲਿਆ ਸੀ ਤੇ ਉਨ੍ਹਾਂ ਨੂੰ ਉਰਜਾ ਵਿਭਾਗ ਦਿੱਤਾ ਸੀ। ਇਸ ਤੋਂ ਖਿਝੇ ਸਿੱਧੂ ਨੇ 20 ਜੁਲਾਈ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ, ਪਰ ਡੀਜੀਪੀ ਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਤੋਂ ਨਾਰਾਜ਼ ਹੋ ਕੇ ਉਨ੍ਹਾਂ ਪਾਰਟੀ ਦੀ ਪ੍ਰਧਾਨਗੀ ਵੀ ਛੱਡ ਦਿੱਤੀ। ਹਾਲਾਂਕਿ, ਹਾਈ ਕਮਾਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤੇ ਸਿੱਧੂ ਨੇ ਮੁਡ਼ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਉੱਥੇ, ਰੋਡਰੇਜ ਮਾਮਲੇ ’ਚ ਪਹਿਲੀ ਵਾਰ ਸਜ਼ਾ ਹੋਣ ’ਤੇ ਵੀ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ’ਚ ਜ਼ਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਸੀ।

ਪ੍ਰਧਾਨਗੀ ਖੁੱਸਣ ਤੋਂ ਬਾਅਦ ਕਾਂਗਰਸੀਆਂ ਨੇ ਕੀਤਾ ਕਿਨਾਰਾ

ਪੀਪੀਸੀਸੀ ਪ੍ਰਧਾਨਗੀ ਖੁੱਸ ਜਾਣ ਤੋਂ ਬਾਅਦ ਸਿੱਧੂ ਕੋਲੋਂ ਕਾਂਗਰਸੀ ਨੇਤਾਵਾਂ ਨੇ ਵੀ ਦੂਰੀ ਬਣਾਈ ਹੋਈ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਸਿਆਸੀ ਘਰ ਜ਼ਿਲ੍ਹੇ ਅੰਮ੍ਰਿਤਸਰ ਵਿਚ ਸਾਬਕਾ ਵਿਧਾਇਕ ਸੁਨੀਲ ਦੱਤੀ ਤੇ ਮਜੀਠਾ ਹਲਕੇ ਤੋਂ ਚੋਣ ਲਡ਼ੇ ਜਗਵਿੰਦਰ ਸਿੰਘ ਜੱਗਾ ਮਜੀਠੀਆ ਨੂੰ ਛੱਡ ਕੇ ਬਾਕੀ ਤਮਾਮ ਵੱਡੇ ਆਗੂਆਂ ਨੇ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਹੈ। ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਉਨ੍ਹਾਂ ਦੇ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਦੇ 15 ਕਾਂਗਰਸੀ ਕੌਂਸਲਰਾਂ ’ਚੋਂ 10 ਕੌਂਸਲਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਜਾ ਚੁੱਕੇ ਹਨ। ਜੋ ਬਚੇ ਵੀ ਹਨ, ਉਨ੍ਹਾਂ ’ਚੋਂ ਵੀ ਇਕ ਦੋ ਨੂੰ ਛੱਡ ਕੇ ਬਾਕੀ ਉਨ੍ਹਾਂ ਤੋਂ ਦੂਰ ਹੀ ਰਹਿ ਰਹੇ ਹਨ।

ਇਹ ਹੈ ਮਾਮਲਾ

ਰੋਡਰੇਜ ਦਾ ਮਾਮਲਾ 27 ਦਸੰਬਰ, 1988 ਦਾ ਹੈ। ਨਵਜੋਤ ਸਿੰਘ ਸਿੱਧੂ ਪਟਿਆਲਾ ’ਚ ਕਾਰ ’ਤੇ ਜਾਂਦੇ ਹੋਏ ਗੁਰਨਾਮ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਭਿਡ਼ ਗਏ ਸਨ। ਗੁੱਸੇ ’ਚ ਸਿੱਧੂ ਨੇ ਉਨ੍ਹਾਂ ਨੂੰ ਮੁੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਪਟਿਆਲਾ ਪੁਲਿਸ ਨੇ ਸਿੱਧੂ ਤੇ ਉਨ੍ਹਾਂ ਦੇ ਦੋਸਤ ਰੁਪਿੰਦਰ ਸਿੰਘ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।

ਟਾਈਮਲਾਈਨ

- 1999 ’ਚ ਹੇਠਲੀ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਸਬੂਤਾਂ ਦੀ ਘਾਟ ’ਚ ਬਰੀ ਕਰ ਦਿੱਤਾ। ਪੀਡ਼ਤ ਧਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਈ।

- 2006 ’ਚ ਹਾਈ ਕੋਰਟ ਨੇ ਸਿੱਧੂ ਨੂੰ ਤਿੰਨ ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਫ਼ੈਸਲੇ ਨੂੰ ਸਿੱਧੂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ।

- 16 ਮਈ, 2018 ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਗ਼ੈਰ ਇਰਾਦਤਨ ਹੱਤਿਆ ਦੇ ਦੋਸ਼ ’ਚ ਲੱਗੀ ਧਾਰਾ 304 ਤੋਂ ਬਰੀ ਕਰ ਦਿੱਤਾ। ਧਾਰਾ 323 ਯਾਨੀ ਸੱਟ ਮਾਰਨ ਦੇ ਮਾਮਲੇ ’ਚ ਸਿੱਧੂ ਨੂੰ ਦੋੋਸ਼ੀ ਠਹਿਰਾਇਆ ਗਿਆ। ਉਨ੍ਹਾਂ ਨੂੰ ਸਿਰਫ਼ ਹਜ਼ਾਰ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਛੱਡ ਦਿੱਤਾ ਗਿਆ।

- ਜੂਨ, 2018 ’ਚ ਇਸ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਪੀਡ਼ਤ ਪਰਿਵਾਰ ਨੇ ਸੁਪਰੀਮ ਕੋਰਟ ’ਚ ਮੁਡ਼ ਵਿਚਾਰ ਪਟੀਸ਼ਨ ਦਾਖ਼ਲ ਕੀਤੀ।

- 19 ਮਈ, 2022 ਨੂੰ ਸੁਪਰੀਮ ਕੋਰਟ ਨੇ ਆਪਣਾ ਪੁਰਾਣਾ ਫ਼ੈਸਲਾ ਬਦਲਦਿਆਂ ਸਿੱਧੂ ਨੂੰ ਇਕ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ।

Posted By: Tejinder Thind