ਜਸਪਾਲ ਸਿੰਘ ਗਿੱਲ, ਮਜੀਠਾ : ''ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਵੱਲੋਂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ ਪਰ ਕੁਝ ਲੋਕਾਂ ਤੇ ਕਾਂਗਰਸੀ ਅਹੁਦੇਦਾਰਾਂ ਨੇ ਭੁਲੇਖੇ ਪੈਦਾ ਕੀਤੇ ਹਨ।'' ਇਹ ਪ੍ਰਗਟਾਵਾ ਪਾਰਟੀ ਅਬਜ਼ਰਵਰਾਂ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਜੱਗਾ ਮਜੀਠਾ ਦੀ ਉਮੀਦਵਾਰੀ ਬਾਰੇ ਭਰਮ ਹੋਣ ਸਬੰਧੀ ਮਾਮਲਾ ਪਾਰਟੀ ਹਾਈਕਮਾਂਡ ਕੋਲ ਪੁੱਜ ਗਿਆ ਸੀ। ਇਸ ਪਿੱਛੋਂ ਆਹਲਾ ਕਮਾਨ ਨੇ ਚੋਣ ਅਬਜ਼ਰਵਰ ਸਾਂਤਨੂੰ ਚੌਹਾਨ ਤੇ ਚੇਤਨ ਚੌਹਾਨ ਨੂੰ ਮਜੀਠਾ ਭੇਜ ਦਿੱਤਾ ਸੀ। ਦੋਵਾਂ ਨੇ ਮਜੀਠਾ ਪੁੱਜ ਕੇ ਵਰਕਰਾਂ ਤੇ ਹੋਰਨਾਂ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਹੈ। ਸ਼ਾਂਤਨੂੰ ਤੇ ਚੇਤਨ ਨੇ ਕਿਹਾ ਹੈ, ''ਪਾਰਟੀ ਹਾਈ ਕਮਾਂਡ ਨੇ ਜੱਗਾ ਮਜੀਠਾ ਦੇ ਨਾਂ 'ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਇਹ ਫੈਸਲਾ ਅਟੱਲ ਹੈ ਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਦਲਿਆ ਨਹੀਂ ਜਾਵੇਗਾ''। ਕਾਬਿਲੇ ਜ਼ਿਕਰ ਹੈ ਕਿ ਇਸ ਪਿੱਛੋਂ ਪਾਰਟੀ ਉਮੀਦਵਾਰ ਜੱਗਾ ਮਜੀਠਾ ਨੇ ਇੱਕਤਰ ਵਰਕਰਾਂ ਨੂੰ ਸੰਬੋਧਨ ਕੀਤਾ ਹੈ।