ਜੇਐੱਨਐੱਨ, ਅੰਮਿ੍ਤਸਰ : ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਸਬੰਧੀ ਦਮਦਮੀ ਟਕਸਾਲ ਦੇ ਵਰਕਰ ਅਤੇ ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕੋਲੋਂ ਕੌਮੀ ਪੜਤਾਲੀਆ ਏਜੰਸੀ (ਐੱਨਆਈਏ) ਨੇ ਅੱਠ ਘੰਟਿਆਂ ਤਕ ਪੁੱਛਗਿੱਛ ਕੀਤੀ ਹੈ। ਐੱਨਆਈਏ ਨੇ ਰਣਜੀਤ ਨੂੰ ਸੰਮਨ ਭੇਜ ਕੇ ਦਿੱਲੀ ਵਿਚ ਏਜੰਸੀ ਦੇ ਦਫ਼ਤਰ ਵਿਚ ਪੇਸ਼ ਹੋ ਕੇ ਬਿਆਨ ਦੇਣ ਦੇ ਹੁਕਮ ਕੀਤੇ ਸਨ।

ਰਣਜੀਤ ਸਿੰਘ ਨੇ ਦੱਸਿਆ ਕਿ ਐੱਨਆਈਏ ਦੇ ਅਫ਼ਸਰਾਂ ਨੇ ਉਸ ਨੂੰ ਦਿੱਲੀ ਦਫ਼ਤਰ ਵਿਚ ਸੱਦ ਕੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਸਾਢੇ ਸਤ ਵਜੇ ਤਕ ਲੰਮੀ ਪੁੱਛਗਿੱਛ ਕਰਦਿਆਂ ਕਈ ਸਵਾਲ ਪੁੱਛੇ ਹਨ। ਰਣਜੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਸ ਤੋਂ ਪੁੱਛਿਆ ਗਿਆ ਹੈ ਕਿ ਵਿਦੇਸ਼ਾਂ ਤੋਂ ਕਿਹਦੇ ਕਿਹਦੇ ਫੋਨ ਆਉਂਦੇ ਹਨ? ਜਿਨ੍ਹਾਂ ਦੇ ਨਾਲ ਉਸ ਦੀ ਫੋਨ 'ਤੇ ਗੱਲ ਹੁੰਦੀ ਹੈ, ਉਨ੍ਹਾਂ ਦੇ ਨਾਲ ਕੀ ਸਬੰਧ ਹਨ। ਇਹ ਲੋਕ ਕਦੋਂ ਤੇ ਕਿਵੇਂ ਉਹਦੇ ਸੰਪਰਕ ਵਿਚ ਆਏ?

ਉਨ੍ਹਾਂ ਦੇ ਫੋਨਾਂ ਦੀ ਪੰਜ ਘੰਟਿਆਂ ਤਕ ਛਾਣਬੀਣ ਕੀਤੀ ਤੇ ਉਸ ਦੇ ਨੰਬਰ ਤੇ ਡੈਟਾ ਨੂੰ ਕਾਪੀ ਕੀਤਾ ਹੈ। ਉਸ ਨੂੰ ਇਹ ਵੀ ਪੁੱਛਿਆ ਗਿਆ ਕਿ ਉਹਦੀ ਜਥੇਬੰਦੀ ਵੱਲੋਂ ਜਿਹੜੇ ਗੁਰਮਤਿ ਪ੍ਰਰੋਗਰਾਮ ਤੇ ਸ਼ਹੀਦੀ ਪ੍ਰਰੋਗਰਾਮ ਕੀਤੇ ਜਾਂਦੇ ਹਨ, ਅੰਮਿ੍ਤ ਸੰਚਾਰ ਹੁੰਦੇ ਹਨ, ਦਸਤਾਰ ਤੇ ਗੱਤਕਾ ਕੈਂਪ ਲਾਏ ਜਾਂਦੇ ਹਨ, ਕਿਤਾਬਾਂ ਲਿਖਣ, ਛਾਪਣ, ਵੰਡਣ ਤੇ 'ਪੰਜਾਬ ਦੀ ਅਜ਼ਾਦੀ' ਦੇ ਨਾਂ ਹੇਠ ਕੰਮ ਹੁੰਦੇ ਹਨ, ਇਨ੍ਹਾਂ ਕੰਮਾਂ ਲਈ ਖ਼ਰਚਾ ਕਿੱਥੋਂ ਆਉਂਦਾ ਹੈ?

ਐੱਨਆਈਏ ਅਫ਼ਸਰਾਂ ਨੇ ਉਸ ਦੇ ਪਰਿਵਾਰ ਦੇ ਮੈਂਬਰਾਂ, ਕੰਮ ਧੰਦੇ ਤੇ ਜਥੇਬੰਦੀ ਦੇ ਹੋਰਨਾਂ ਵਰਕਰਾਂ ਬਾਰੇ ਰਿਕਾਰਡ ਮੰਗਿਆ ਹੈ। ਇਸ ਦੌਰਾਨ ਰਣਜੀਤ ਦੇ ਬੈਂਕ ਖਾਤਿਆਂ, ਪੈਨ ਕਾਰਡ, ਲਾਈਸੈਂਸ, ਅਧਾਰ ਕਾਰਡ ਬਾਰੇ ਜਾਣਕਾਰੀ ਲਈ ਗਈ। ਉਸ ਨੇ ਦੱਸਿਆ ਹੈ ਕਿ ਕਦੇ ਕੋਈ ਗ਼ੈਰ ਕਾਨੂੰਨੀ ਕੰਮ ਨਹੀਂ ਕੀਤਾ ਤੇ ਨਾ ਕਦੇ ਕਿਸੇ ਗ਼ੈਰ ਕਾਨੂੰਨੀ ਸਰਗਰਮੀ ਵਿਚ ਹਿੱਸਾ ਲਿਆ ਹੈ।