ਜੇਐੱਨਐੱਨ, ਅਮਿ੍ਤਸਰ : ਰੇਲਵੇ ਵਿਭਾਗ 'ਚੋਂ ਰਿਟਾਇਰ ਹੋਣ ਉਪਰੰਤ ਐਕਸਟੈਂਸ਼ਨ ਭਾਵ (ਨੌਕਰੀ 'ਚ ਵਾਧਾ) ਲੈ ਕੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਤੁਰੰਤ ਰਿਲੀਵ ਕੀਤੇ ਜਾਣ ਦੇ ਹੁਕਮ ਜਾਰੀ ਹੋ ਗਏ ਹਨ। ਰੇਲਵੇ ਬੋਰਡ ਨੇ ਸਖ਼ਤੀ ਦਿਖਾਉਂਦੇ ਹੋਏ ਫ਼ਿਰੋਜ਼ਪੁਰ ਡਵੀਜ਼ਨ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ 'ਚ ਤੁਰੰਤ ਕਾਰਵਾਈ ਹੋਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ 'ਤੇ ਗਾਜ ਡਿੱਗਣਾ ਤਹਿ ਹੈ। ਫ਼ਿਰੋਜ਼ਪੁਰ ਡਵੀਜ਼ਨ ਵੱਲੋਂ ਵੀ ਸਾਰੇ ਰੇਲਵੇ ਸਟੇਸ਼ਨਾਂ 'ਤੇ ਨਿਰਦੇਸ਼ ਦੀਆਂ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ ਕਿ ਜਿੰਨੇ ਵੀ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ, ਦੀ ਲਿਸਟ ਤਿਆਰ ਕਰ ਕੇ ਡਵੀਜ਼ਨ ਨੂੰ ਭੇਜੀ ਜਾਵੇ ਅਤੇ ਨਾਲ ਹੀ ਸਾਰਿਆਂ ਨੂੰ ਛੇਤੀ ਤੋਂ ਛੇਤੀ ਰਿਲੀਵ ਕੀਤਾ ਜਾਵੇ। ਇਸ ਤਰ੍ਹਾਂ ਦੇ ਸਾਰੇ ਕਰਮਚਾਰੀਆਂ ਦੀ 30 ਨਵੰਬਰ ਤੋਂ ਬਾਅਦ ਹਾਜ਼ਰੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਇਸ ਤੋਂ ਬਾਅਦ ਜੇਕਰ ਕੋਈ ਕਰਮਚਾਰੀ ਡਿਊਟੀ ਕਰਦਾ ਮਿਲਿਆ ਤਾਂ ਉਸਦੇ ਵਿਭਾਗ ਦੇ ਮੁਖੀ 'ਤੇ ਕਾਰਵਾਈ ਹੋਵੇਗੀ।

ਅੰਮਿ੍ਤਸਰ 'ਚ ਹਨ ਅਜਿਹੇ 25 ਕਰਮਚਾਰੀ

ਸਿਰਫ਼ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਹੀ ਕਰੀਬ 25 ਅਜਿਹੇ ਕਰਮਚਾਰੀ ਹਨ, ਜੋ ਨੌਕਰੀ ਵਿਚ ਵਾਧਾ ਲੈ ਕੇ ਕੰਮ ਕਰ ਰਹੇ ਹਨ। ਸਰਕਾਰ 'ਤੇ ਬੋਝ ਵੱਧ ਰਿਹਾ ਹੈ ਪਰ 30 ਨਵੰਬਰ ਤੋਂ ਬਾਅਦ ਇਹ ਲੋਕ ਹੁਣ ਰੇਲਵੇ ਵਿਚ ਕੰਮ ਨਹੀਂ ਕਰ ਸਕਣਗੇ।

100 ਤੋਂ ਜ਼ਿਆਦਾ ਕਰਮਚਾਰੀ ਸਨ ਲਾਈਨ 'ਚ

ਅੰਮਿ੍ਤਸਰ ਰੇਲਵੇ ਸਟੇਸ਼ਨ ਦੀਆਂ ਵੱਖ-ਵੱਖ ਬਰਾਂਚਾਂ ਵਿਚ ਮੌਜੂਦਾ ਸਮੇਂ ਵਿਚ 100 ਤੋਂ ਜ਼ਿਆਦਾ ਅਜਿਹੇ ਕਰਮਚਾਰੀ ਹਨ, ਜੋ ਆਉਣ ਵਾਲੇ ਕੁਝ ਮਹੀਨਿਆਂ ਤਕ ਰਿਟਾਇਰ ਹੋਣ ਵਾਲੇ ਹਨ। ਇਨ੍ਹਾਂ ਸਾਰੇ ਕਰਮਚਾਰੀਆਂ ਨੇ ਵੀ ਨੌਕਰੀ ਵਿਚ ਵਾਧੇ ਲਈ ਅਪਲਾਈ ਕੀਤਾ ਹੋਇਆ ਹੈ ਪਰ ਨਵੇਂ ਹੁਕਮਾਂ ਤੋਂ ਬਾਅਦ ਸਾਰਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।