ਜਾਗਰਣ ਸੰਵਾਦਦਾਤਾ, ਅੰਮਿ੍ਰਤਸਰ : ਜੰਡਿਆਲਾ ਗੁਰੂ ’ਚ ਸ਼ਰਮਨਾਕ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੋਸਤ ਨੂੰ ਉਧਾਰ ਦਿੱਤੇ ਪੈਸੇ ਮੰਗਣੇ ਸਿੱਖ ਨੌਜਵਾਨ ਸੁੱਖਾ ਸਿੰਘ ਨੂੰ ਮਹਿੰਗੇ ਪੈ ਗਏ। ਦੋਸ਼ੀਆਂ ਨੇ ਉਸ ਨੂੰ ਪੈਸੇ ਦੇਣ ਦੇ ਬਹਾਨੇ ਫੋਨ ਕਰ ਕੇ ਬੁਲਾਇਆ ਤੇ ਅਗਵਾ ਕਰ ਲਿਆ। ਬਾਅਦ ’ਚ ਘਰ ਲਿਜਾ ਕੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ। ਉਸ ਨੂੰ ਜੁੱਤੀ ’ਚ ਪਾਣੀ ਭਰ ਕੇ ਪਿਲਾਇਆ ਗਿਆ। ਇੰਨਾ ਹੀ ਨਹੀਂ ਉਸ ਦੇ ਕੇਸ ਖਿੱਚਣ ਤੋਂ ਬਾਅਦ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਫਿਲਹਾਲ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜੇ ਤਾਂ ਜ਼ਖ਼ਮੀ ਕਿਸੇ ਦਾ ਨਾਂ ਵੀ ਨਹੀਂ ਬੋਲ ਸਕਦਾ।

ਅਗਵਾ ਕਰ ਕੇ ਜੰਡਿਆਲਾ ਗੁਰੂ ਲੈ ਗਏ

ਹਸਪਤਾਲ ’ਚ ਦਾਖ਼ਲ ਸੁੱਖਾ ਅਜੇ ਉਨ੍ਹਾਂ ਲੋਕਾਂ ਦੇ ਨਾਂ-ਪਤੇ ਵੀ ਨਹੀਂ ਦੱਸ ਸਕਦਾ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਢਾਈ ਲੱਖ ਰੁਪਏ ਕਿਸੇ ਨੂੰ ਦਿੱਤੇ ਸਨ। ਉਹ ਨੌਜਵਾਨ ਦਰਬਾਰ ਸਾਹਿਬ ਆਉਂਦਾ-ਜਾਂਦਾ ਸੀ ਤੇ ਉਸ ਨਾਲ ਉਸ ਦੀ ਦੋਸਤੀ ਹੋ ਗਈ। ਵਿਸ਼ਵਾਸ ਵਿਚ ਹੀ ਉਸ ਨੇ ਉਸ ਨੂੰ ਪੈਸੇ ਦੇ ਦਿੱਤੇ। ਇਹ ਪੈਸੇ ਲੈਣ ਲਈ ਉਹ ਉਸ ਨੂੰ ਰੋਜ਼ਾਨਾ ਫੋਨ ਵੀ ਕਰ ਰਿਹਾ ਸੀ ਪਰ ਉਹ ਗਾਲਾਂ ਕੱਢ ਕੇ ਫੋਨ ਬੰਦ ਕਰ ਦਿੰਦਾ ਸੀ। ਵੀਰਵਾਰ ਨੂੰ ਉਸ ਦਾ ਫੋਨ ਆਇਆ ਕਿ ਉਹ ਬੱਸ ਸਟੈਂਡ ’ਤੇ ਆ ਜਾਵੇ, ਅੱਜ ਉਹ ਉਸ ਨੂੰ ਪੈਸੇ ਦੇਵੇਗਾ। ਇਸ ’ਤੇ ਉਹ ਬੱਸ ਸਟੈਂਡ ਵੱਲ ਚਲਾ ਗਿਆ। ਉਥੋਂ ਉਹ ਉਸ ਨੂੰ ਅਗਵਾ ਕਰ ਕੇ ਜੰਡਿਆਲਾ ਗੁਰੂ ਵਿਖੇ ਇਕ ਘਰ ਲੈ ਗਏ।

ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਕੀਤਾ ਅਣਮਨੁੱਖੀ ਸਲੂਕ

ਸੁੱਖਾ ਸਿੰਘ ਨੇ ਦੱਸਿਆ ਕਿ ਉਹ ਅੰਮਿ੍ਰਤਧਾਰੀ ਸਿੱਖ ਹੈ। ਜਦੋਂ ਉਕਤ ਲੋਕ ਉਸ ਨੂੰ ਆਪਣੇ ਘਰ ਲੈ ਗਏ ਤਾਂ ਦਰਵਾਜ਼ਾ ਬੰਦ ਕਰ ਕੇ ਪਹਿਲਾਂ ਉਸ ਦਾ ਸਿਰੀ ਸਾਹਿਬ (ਗਾਤਰਾ) ਉਤਾਰਿਆ ਗਿਆ ਅਤੇ ਬਾਅਦ ਵਿਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਨੂੰ ਜੁੱਤੀਆਂ ’ਚ ਭਰ ਕੇ ਪਾਣੀ ਪਿਲਾਇਆ ਗਿਆ ਅਤੇ ਡੰਡਿਆਂ ਨਾਲ ਕੁੱਟਿਆ ਗਿਆ। ਕੇਸਾਂ ਤੋਂ ਫੜ ਕੇ ਉਸ ਨੂੰ ਘਸੀਟਿਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Harjinder Sodhi