ਮਨਜੋਤ ਸਿੰਘ ਕੰਗ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇਹਰਟਾ ਥਾਣੇ ਅਧੀਨ ਆਉਂਦੇ ਇਲਾਕਾ ਨਰਾਇਣਗੜ੍ਹ 'ਚ ਵੀਰਵਾਰ ਦੁਪਹਿਰ ਨੂੰ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਸ਼ੁੱਕਰਵਾਰ ਦੇਰ ਰਾਤ ਅਜਨਾਲਾ ਤੋਂ ਤਿੰਨ ਹੋਰ ਸਮੱਗਲਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਜਿੰਦਰ ਸਿੰਘ, ਵਰਿੰਦਰ ਸਿੰਘ ਅਤੇ ਹਰਦੇਵ ਸਿੰਘ ਵਜੋਂ ਕੀਤੀ ਹੈ। ਹਾਲਾਂਕਿ ਇਨ੍ਹਾਂ ਤੋਂ ਪਹਿਲਾਂ ਪੁਲਿਸ ਨੇ ਰੋਬਿਨ ਅਤੇ ਰਵੀ ਨਾਮ ਦੇ ਦੋ ਸਮੱਗਲਰਾਂ ਨੂੰ 5 ਵਿਦੇਸ਼ੀ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੂਜੇ ਗਿਰੋਹ ਦਾ ਨਾਮੀ ਨਸ਼ਾ ਤਸਕਰ ਹਰਪਾਲ ਸਿੰਘ ਜੋ ਕਿ ਆਈਐਸਆਈ ਏਜੰਟ ਰਣਜੀਤ ਸਿੰਘ ਉਰਫ਼ ਚੀਤਾ ਦਾ ਰਿਸ਼ਤੇਦਾਰ ਹੈ, ਪੁਲਿਸ ਨੇ ਛਾਪੇਮਾਰੀ ਵੀ ਕੀਤੀ ਹੈ। ਹਰਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪਾਲ ਦੇ ਪਿਤਾ ਮਲਕੀਤ ਸਿੰਘ ਨੂੰ ਇਸ ਸਾਲ ਜੁਲਾਈ ਵਿੱਚ ਜੰਮੂ ਵਿੱਚ 35 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਈ ਅਹਿਮ ਕੜੀਆਂ ਖੁੱਲ੍ਹਣ ਦੀ ਉਮੀਦ ਹੈ।

Posted By: Seema Anand