ਪੱਤਰ ਪ੍ਰੇਰਕ, ਅੰਮ੍ਰਿਤਸਰ : ਥਾਣਾ ਸਦਰ ਅਧੀਨ ਆਉਂਦੇ ਰਿਸ਼ੀ ਵਿਹਾਰ ਇਲਾਕੇ ਦੇ ਫੇਜ਼ ਨੰਬਰ 2 ਦੀ ਗਲੀ ਨੰਬਰ ਦੋ ਵਿਚ ਦੋ ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਬੱਚੇ ਨੂੰ ਬੰਧਕ ਬਣਾ ਲਿਆ ਅਤੇ 25 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਕੇ ਭੱਜ ਗਏ। ਆਰਓ ਠੀਕ ਕਰਨ ਬਹਾਨੇ ਲੁਟੇਰੇ ਘਰ ਅੰਦਰ ਦਾਖਲ ਹੋਏ ਸਨ। ਲੁਟੇਰੇ ਮਹਿਲਾ ਕੋਲੋਂ 4 ਲੱਖ ਰੁਪਏ ਦੀ ਨਕਦੀ ਤੇ 20-21 ਲੱਖ ਰੁਪਏ ਦੇ ਸੋਨੇ ਦੇ ਸਿੱਕੇ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਜਿੱਥੇ ਇਹ ਘਟਨਾ ਵਾਪਰੀ, ਉੱਥੇ ਕਿਤੇ ਵੀ ਸੀਸੀਟੀਵੀ ਨਹੀਂ ਲੱਗੇ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਉੱਤਰੀ ਵਰਿੰਦਰ ਸਿੰਘ ਖੋਸਾ ਤੇ ਥਾਣਾ ਸਦਰ ਦੇ ਇੰਚਾਰਜ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਵਿਭਾਗ ਦੀ ਟੀਮ ਨੇ ਉਂਗਲਾਂ ਦੇ ਨਿਸ਼ਾਨਾਂ ਦੇ ਸੈਂਪਲ ਵੀ ਲਏ ਹਨ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਜੀਠਾ ਰੋਡ ਸਥਿਤ ਰਿਸ਼ੀ ਵਿਹਾਰ ਦੀ ਫੇਜ਼ ਨੰਬਰ ਦੋ ਦੀ ਗਲੀ ਨੰਬਰ 2 ਵਿਚ ਸਥਿਤ ਕੋਠੀ ਨੰਬਰ 25 ਵਿਚ ਰਹਿਣ ਵਾਲੀ ਔਰਤ ਸੰਗੀਤਾ ਮਲਹੋਤਰਾ ਨੇ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਦੋ ਨੌਜਵਾਨਾਂ ਉਸ ਦੇ ਘਰ ਦਾ ਦਰਵਾਜ਼ਾ ਖਡ਼ਕਾਇਆ ਸੀ। ਜਦੋਂ ਪੁੱਛਿਆ ਕਿ ਉਹ ਕੌਣ ਹਨ? ਤਾਂ ਕਹਿਣ ਲੱਗੇ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਸੰਦੀਪ ਨੇ ਆਰਓ ਠੀਕ ਕਰਨ ਲਈ ਭੇਜਿਆ ਹੈ। ਇਹ ਸੁਣ ਕੇ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਲੁਟੇਰੇ ਅੰਦਰ ਆ ਗਏ ਪਰ ਦੋਵਾਂ ਦੇ ਹੱਥ ਖਾਲੀ ਸਨ। ਜਦੋਂ ਪੁੱਛਿਆ ਕਿ ਆਰਓ ਠੀਕ ਕਰਨ ਆਏ ਹੋ ਪਰ ਤੁਹਾਡੇ ਕੋਲ ਕੋਈ ਔਜਾਰ ਕਿਉਂ ਨਹੀਂ ਹਨ? ਲੁਟੇਰਿਆਂ ਨੇ ਦੱਸਿਆ ਕਿ ਕੰਪਨੀ ਬਦਲ-ਬਦਲ ਕੇ ਕਾਮੇ ਭੇਜਦੀ ਹੈ। ਇੰਨੇ ਵਿਚ ਉਨ੍ਹਾਂ ਨੇ ਪੇਚਕੱਸ ਮੰਗਿਆ। ਔਰਤ ਹਾਲੇ ਪੇਚਕਸ ਲੈਣ ਗਈ ਹੀ ਸੀ ਕਿ ਉਸ ਨੂੰ ਫੜ ਕੇ ਬੈੱਡ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਦਾ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਉਸ ਦੇ ਹੱਥਾਂ ਵਿਚ ਪਾਈਆਂ ਸੋਨੇ ਦੀਆਂ ਵੰਗਾਂ ਲੁਹਾ ਲਈਆਂ ਤੇ ਕਹਿਣ ਲੱਗੇ, ‘‘ਹੁਣ ਦੱਸ, ਪੈਸੇ ਕਿੱਥੇ ਰੱਖੇ ਹਨ। ਲੁਟੇਰੇ ਸ਼ਿਕਾਇਤ ਕਰਤਾ ਔਰਤ ਦਾ ਮੂੰਹ ਜ਼ੋਰ ਨਾਲ ਦਬਾਉਂਦੇ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਔਰਤ ਦੇ ਪੋਤੇ ਨੂੰ ਫੜ ਲਿਆ ਤੇ ਧਮਕੀਆਂ ਦੇਣ ਲੱਗ ਪਏ। ਇਕ ਲੁਟੇਰੇ ਨੇ ਘਰ ਵਿਚ ਪਈਆਂ ਅਲਮਾਰੀਆਂ ਵਿਚ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ। ਲੁਟੇਰੇ 4 ਲੱਖ ਰੁਪਏ ਦੀ ਨਕਦੀ, 21 ਲੱਖ ਕੀਮਤ ਦੇ ਸੋਨੇ ਦੇ ਸਿੱਕੇ ਤੇ ਗਹਿਣੇ ਲੈ ਗਏ ਹਨ। ਮੌਕੇ ’ਤੇ ਏਸੀਪੀ ਵਰਿੰਦਰ ਸਿੰਘ ਖੋਸਾ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ।

Posted By: Sandip Kaur