ਅਖਲੇਸ਼ ਸਿੰਘ ਯਾਦਵ, ਅੰਮਿ੍ਤਸਰ : ਕੋਰੋਨਾ ਵਾਇਰਸ ਤੋਂ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਬਚਾਉਣ ਲਈ ਸਿੱਖਿਆ ਵਿਭਾਗ ਵੀ ਉਪਰਾਲੇ ਕਰ ਰਿਹਾ ਹੈ। ਬੀਤੇ ਦਿਨੀਂ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਤੇ ਸਕੂਲਾਂ 'ਚ ਪੂਰਨ ਤੌਰ 'ਤੇ 31 ਮਾਰਚ ਤਕ ਛੁੱਟੀਆਂ ਐਲਾਨ ਕਰ ਦਿੱਤੀਆਂ ਗਈਆਂ ਸਨ।

ਪੀਐੱਸਈਬੀ ਨੇ ਜਾਰੀ ਕੀਤਾ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ

ਪੀਐੱਸਈਬੀ ਨੇ ਕੋਰੋਨਾ ਕਾਰਨ ਸਾਲ 2019-2020 ਦੀ ਪੰਜਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਬਦਲ ਕੇ ਦੁਬਾਰਾ ਜਾਰੀ ਕਰ ਦਿੱਤੀ ਹੈ। ਪੀਐੱਸਈਬੀ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲੀ ਅਪ੍ਰੈਲ ਤੋਂ ਤਿੰਨ ਅਪ੍ਰੈਲ ਤਕ, ਦਸਵੀਂ ਦੀਆਂ ਪ੍ਰੀਖਿਆਵਾਂ ਤਿੰਨ ਅਪ੍ਰੈਲ ਤੋਂ 23 ਅਪ੍ਰੈਲ ਤਕ ਤੇ 12ਵੀਂ ਦੀਆਂ ਪ੍ਰੀਖਿਆਵਾਂ 3 ਅਪ੍ਰੈਲ ਤੋਂ 13 ਅਪ੍ਰੈਲ ਤਕ ਪਹਿਲਾਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ 'ਚ ਹੀ ਕਰਵਾਈਆਂ ਜਾਣਗੀਆਂ। ਕਿਹੜੇ ਵਿਸ਼ੇ ਦੀ ਪ੍ਰੀਖਿਆ ਕਦੋਂ ਹੋਵੇਗੀ ਇਸ ਬਾਰੇ ਜਾਣਕਾਰੀ ਵਿਭਾਗ ਵੱਲੋਂ ਬਾਅਦ ਵਿਚ ਦਿੱਤੀ ਜਾਵੇਗੀ।

ਨਿੱਜੀ ਸਕੂਲ ਖੁੱਲਿਆ ਮਿਲਿਆ ਤਾਂ ਹੋਵੇਗੀ ਮਾਨਤਾ ਰੱਦ

ਹੁਣ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਨੇ ਚਿਤਾਵਨੀ ਜਾਰੀ ਕੀਤੀ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਵਾਇਰਸ ਦੇ ਖਤਰੇ ਤੋਂ ਸਿੱਖਿਆ ਅਧਿਕਾਰੀਆਂ ਨੂੰ ਚਿਤਾਇਆ ਹੈ। ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜ਼ਿਲ੍ਹੇ 'ਚ ਚੈਕਿੰਗ ਮੁਹਿੰਮ ਜਾਰੀ ਰੱਖਣ। ਜੇ ਕੋਈ ਨਿੱਜੀ ਸਕੂਲ ਖੁੱਲਿ੍ਆ ਮਿਲਿਆ ਤਾਂ ਉਸ ਦੀ ਮਾਨਤਾ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ। ਅਜਿਹਾ ਹੀ ਸੀਬੀਐੱਸਈ ਤੇ ਆਈਸੀਐੱਸਈ ਸਕੂਲਾਂ ਦੇ ਮਾਮਲੇ 'ਚ ਹੋਵੇਗਾ।

ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਵੀਡੀਓ ਕਾਨਫਰੰਸਿੰਗ (ਵੀਸੀ) 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਲਵਿੰਦਰ ਸਿੰਘ ਸਮਰਾ ਤੇ ਡਿਪਟੀ ਡੀਈਓ ਐਲੀਮੈਂਟਰੀ ਰੇਖਾ ਮਹਾਜਨ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਫਤਰੀ ਸਟਾਫ ਨੂੰ ਹਦਾਇਤ ਦਿੱਤੀ। ਡੀਈਓ ਸਲਵਿੰਦਰ ਸਿੰਘ ਸਮਰਾ ਤੇ ਡਿਪਟੀ ਡੀਈਓ ਐਲੀਮੈਂਟਰੀ ਰੇਖਾ ਮਹਾਜਨ ਨੇ ਨਿੱਜੀ ਸਕੂਲਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਕੂਲਾਂ ਨੂੰ ਖੋਲ੍ਹਣ ਤੋਂ ਗੁਰੇਜ਼ ਕਰਨ। ਸਕੂਲ 'ਚ ਨਾ ਹੀ ਅਧਿਆਪਕਾਂ ਨੂੰ ਬੁਲਾਇਆ ਜਾਵੇ ਤੇ ਨਾ ਹੀ ਬੱਚਿਆਂ ਦੇ ਮਾਪਿਆਂ ਨੂੰ।

ਸ਼ਸ਼ੋਪੰਜ ਕਾਰਨ ਵਿਦਿਆਰਥੀ ਪਹੁੰਚੇ ਸਕੂਲ

ਸ਼ਿਵਾਲਾ ਰੋਡ ਸਰਕਾਰੀ ਸਕੂਲ 'ਚ ਨੌਵੀਂ ਤੇ ਦੱਸਵੀਂ ਜਮਾਤ ਦੇ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚ ਗਏ। ਹਫੜਾ-ਦਫੜੀ 'ਚ ਗੇਟਕੀਪਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਮੁਲਤਵੀ ਹੋਣ ਦੀ ਜਾਣਕਾਰੀ ਦਿੱਤੀ। ਵੱਡੀ ਗਿਣਤੀ 'ਚ ਆਏ ਵਿਦਿਆਰਥੀ ਇਹ ਸੁਣ ਕੇ ਪਰਤ ਗਏ। ਉਧਰ, ਟਾਊਨ ਹਾਲ ਸਰਕਾਰੀ ਸੀ.ਸੈ. ਸਕੂਲ ਮਾਲ ਮੰਡੀ 'ਚ ਵੀ ਦੱਸਵੀਂ, ਅੱਠਵੀਂ ਦੇ ਪ੍ਰੀਖਿਆਰਥੀ ਪਹੁੰਚੇ, ਜਿੱਥੋਂ ਵਿਦਿਆਰਥੀਆਂ ਨੂੰ ਘਰ ਪਰਤਣ ਲਈ ਕਿਹਾ ਗਿਆ।