ਰਾਜਨ ਚੋਪੜਾ, ਭਿੱਖੀਵਿੰਡ : ਕਸਬਾ ਭਿੱਖੀਵਿੰਡ ਵਿਖੇ ਬੀਐੱਸਐੱਫ ਦੇ ਕੇਂਦਰੀ ਵਿਦਿਆਲਾ 'ਚ ਸੇਵਾਦਾਰ ਵਜੋਂ ਤਾਇਨਾਤ ਪਤੀ-ਪਤਨੀ ਦੀ ਠੰਢ ਤੋਂ ਬਚਣ ਲਈ ਬਾਲ਼ੀ ਅੱਗ ਦੇ ਧੂੰਏ ਨਾਲ ਦਮ ਘੁੱਟਣ ਕਰ ਕੇ ਮੌਤ ਹੋ ਗਈ। ਇਹ ਦੋਵੇਂ 24 ਦਸੰਬਰ ਦੀ ਰਾਤ ਨੂੰ ਕਮਰੇ 'ਚ ਸੁੱਤੇ ਸਨ, ਜਿਨ੍ਹਾਂ ਦੀਆਂ ਲਾਸ਼ਾਂ ਤਿੰਨ ਦਿਨ ਬਾਅਦ ਬਰਾਮਦ ਹੋਈਆਂ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ (36) ਵਾਸੀ ਅਜਨਾਲਾ ਆਪਣੀ ਪਤਨੀ ਸੁਮਨ ਨੇ 24 ਦਸੰਬਰ ਨੂੰ ਸਰਦੀਆਂ ਦੀਆਂ ਛੁੱਟੀਆਂ ਪੈਣ ਤੋਂ ਬਾਅਦ ਆਪਣੇ ਘਰ ਅਜਨਾਲਾ ਜਾਣਾ ਸੀ ਪਰ ਉਹ ਦੋਵੇਂ ਉਸ ਰਾਤ ਬੀਐੱਸਐੱਫ ਦੇ ਹੈੱਡਕੁਆਰਟਰ ਅੰਦਰ ਬਣੇ ਹੈੱਡਕੁਆਰਟਰ 'ਚ ਹੀ ਸੌਂ ਗਏ। ਸਕੂਲ 'ਚ ਛੁੱਟੀ ਹੋਣ ਕਾਰਨ ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਦੋਵੇਂ ਆਪਣੇ ਕੁਆਰਟਰ ਵਿਚ ਹੀ ਹਨ। ਬੀਤੀ ਰਾਤ ਨਿਸ਼ਾਨ ਸਿੰਘ ਦੀ ਭੈਣ ਦਾ ਫ਼ੋਨ ਪ੍ਰਿੰਸੀਪਲ ਅਮਰਜੋਤ ਸ਼ਰਮਾ ਨੂੰ ਆਇਆ। ਉਸ ਨੇ ਦੱਸਿਆ ਕਿ ਨਿਸ਼ਾਨ ਸਿੰਘ ਦਾ ਫੋਨ ਦੋ ਦਿਨਾਂ ਤੋਂ ਬੰਦ ਆ ਰਿਹਾ ਹੈ ਅਤੇ ਨਾ ਹੀ ਉਹ ਅਜਨਾਲਾ ਪੁੱਜੇ ਹਨ। ਉਪਰੰਤ ਪ੍ਰਿੰਸੀਪਲ ਨੇ ਸਾਥੀਆਂ ਨਾਲ ਰਾਤ ਸਮੇਂ ਨਿਸ਼ਾਨ ਸਿੰਘ ਦੇ ਕੁਆਰਟਰ 'ਚ ਦਸਤਕ ਦਿੱਤੀ। ਕੁਆਰਟਰ ਦਾ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਤੋੜ ਦਿੱਤਾ ਗਿਆ। ਅੰਦਰ ਨਿਸ਼ਾਨ ਸਿੰਘ ਅਤੇ ਸੁਮਨ ਦੀ ਲਾਸ਼ ਪਈ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਕਮਰੇ ਅੰਦਰ ਇਕ ਪੀਪੇ 'ਚ ਕੁਝ ਲੱਕੜਾਂ ਸੜੀਆਂ ਹੋਈਆਂ ਮਿਲੀਆਂ ਹਨ, ਜਿਸ ਤੋਂ ਲੱਗਦਾ ਹੈ ਕਿ 24 ਦਸੰਬਰ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਨੇ ਠੰਢ ਤੋਂ ਬਚਣ ਲਈ ਅੱਗ ਬਾਲੀ ਹੋਵੇਗੀ, ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਭਿੱਖੀਵਿੰਡ ਦੇ ਜਾਂਚ ਅਧਿਕਾਰੀ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰ ਕੇ ਸਿਵਲ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Posted By: Seema Anand