ਨਵਤੇਜ ਵਿਰਦੀ, ਰਾਮ ਤੀਰਥ : ਮਦਨ ਲਾਲ ਢੀਂਗਰਾ ਕਾਲੋਨੀ ਵਿਚ ਕਾਫੀ ਦਿਨਾਂ ਤੋਂ ਬੰਦ ਪਏ ਘਰ ਨੂੰ ਅੱਗ ਲੱਗਣ ਨਾਲ ਸਾਮਾਨ ਸੜ ਕੇ ਸਵਾਹ ਹੋ ਗਿਆ। ਪਰਿਵਾਰ ਵੱਲੋਂ ਘਰ ਨੂੰ ਅੱਗ ਲਗਾਉਣ ਦਾ ਸ਼ੱਕ ਅਣਪਛਾਤੇ ਵਿਅਕਤੀਆਂ 'ਤੇ ਜ਼ਾਹਿਰ ਕੀਤਾ ਜਾ ਰਿਹਾ ਹੈ। ਪੀੜਤ ਲਾਲ ਸਿੰਘ ਪੱਲੇਦਾਰ ਵਾਸੀ ਮਦਨ ਢੀਂਗਰਾ ਕਾਲੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫੀ ਦਿਨਾਂ ਕਿਧਰੇ ਹੋਰ ਰਹਿ ਰਿਹਾ ਸੀ। ਜਦੋਂ ਸਵੇਰੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਉਸ ਦੇ ਘਰ 'ਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਨ੍ਹਾਂ ਆ ਕੇ ਦੇਖਿਆ ਤਾਂ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ ਜਿਸ ਨਾਲ ਕੁੱਲ ਤਿੰਨ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਇਸ ਘਰ ਵਿਚ ਨਹੀਂ ਰਹਿ ਰਹੇ ਸਨ ਜਿਸ ਕਾਰਨ ਕਿਸੇ ਅਣਪਛਾਤੇ ਵਿਅਕਤੀ ਨੇ ਜਾਣਬੁੱਝ ਕੇ ਘਰ ਨੂੰ ਅੱਗ ਲਗਾ ਦਿੱਤੀ ਹੈ।

ਥਾਣਾ ਕੰਬੋਅ ਮੁਖੀ ਯਾਦਵਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਮੌਕਾ ਵੇਖਣ ਜਾ ਰਹੇ ਹਨ, ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕਰਨਗੇ।