ਬੱਲੂ ਮਹਿਤਾ, ਪੱਟੀ : ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਜ਼ਿਲ੍ਹੇ ਦੇ 8 ਉੱਦਮੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਨਮਾਨਿਤ ਕਿਸਾਨ ਮਾਸਟਰ ਜਰਨੈਲ ਸਿੰਘ ਪਿਛਲੇ ਪੰਜ ਸਾਲਾਂ ਤੋਂ 38 ਏਕੜ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਰਿਹਾ ਹੈ। ਪਾਣੀ ਦੀ ਬੱਚਤ ਲਈ ਉਸ ਵੱਲੋਂ ਲੇਜਰ ਲੈਵਲਰ ਅਤੇ ਜ਼ਮੀਨਦੋਜ਼ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹ ਕਣਕ ਤੇ ਬਾਸਮਤੀ ਦੀ ਕਾਸ਼ਤ ਬਿਨਾਂ ਰਸਾਈਣਿਕ ਖਾਦ ਤੇ ਜ਼ਹਿਰਾਂ ਤੋਂ ਕਰ ਰਿਹਾ ਹੈ। ਇਸ ਤੋਂ ਇਲਾਵਾ ਸਨਮਾਨਿਤ ਕਿਸਾਨ ਜਥੇਦਾਰ ਸ਼ੇਰ ਸਿੰਘ ਸਰਪੰਚ ਕੋਟ ਬੁੱਢਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਉਂਦੇ ਹਨ, ਇਨ੍ਹਾਂ ਦੇ ਇਲਾਕੇ ਦੇ ਕਿਸਾਨਾਂ ਵੱਲੋਂ ਵੀ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਿਸ਼ੇਸ਼ ਉੱਦਮ ਕੀਤਾ ਜਾਂਦਾ ਹੈ। ਇਸ ਮੌਕੇ ਏਡੀਸੀ ਜਨਰਲ ਸੰਦੀਪ ਰਿਸ਼ੀ ਨੇ ਮਿੱਟੀ, ਪਾਣੀ, ਹਵਾ ਅਤੇ ਮਿਆਰੀ ਉੱਪਜ ਲਈ ਯਤਨਸ਼ੀਲ ਉੱਦਮੀ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ। ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਿੰਦਰਜੀਤ ਸਿੰਘ ਨੇ ਸਨਮਾਨਿਤ ਕਿਸਾਨਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਡਾ. ਸੰਦੀਪ ਸਿੰਘ ਏਡੀਓ, ਅਮਨਦੀਪ ਸਿੰਘ, ਪ੍ਰਮਜੀਤ ਸਿੰਘ ਖੇਤੀ ਉੱਪ ਨਿਰੀਖਕ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ, ਦਿਲਬਾਗ ਸਿੰਘ, ਪ੍ਰਰੇਮ ਸਿੰਘ, ਕਰਮਜੀਤ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।

ਪੀਬੀਟੀਟੀ297