ਜੇਐੱਨਐੱਨ, ਅਜਨਾਲਾ/ਅੰਮਿ੍ਤਸਰ : ਲੋਪੋਕੇ ਥਾਣੇ ਦੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਦਾ ਧੰਦਾ ਕਰਨ ਵਾਲੇ ਦੋ ਸਮੱਗਲਰਾਂ ਨੂੰ ਸੋਮਵਾਰ ਸ਼ਾਮ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੰਡਿਆਲੀ ਤਾਰ ਪਾਰ ਖੇਤ 'ਚ ਦੱਬੀ 7 ਕਿੱਲੋ, 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਅੰਮਿ੍ਤਸਰ ਦਿਹਾਤੀ ਪੁਲਿਸ ਨੇ ਬੀਐੱਸਐੱਫ ਦੀ ਸਹਾਇਤਾ ਨਾਲ ਖੇਤ 'ਚ ਦੱਬੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਐੱਸਐੱਸਪੀ ਦਿਹਾਤੀ ਵਿਕਰਮ ਦੁੱਗਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਨਸ਼ੇ ਦੀ ਖੇਪ ਪਾਕਿਸਤਾਨੀ ਸਮੱਗਲਰਾਂ ਨੇ ਕੁਝ ਦਿਨ ਪਹਿਲਾਂ ਜ਼ਮੀਨ 'ਚ ਦੱਬੀ ਸੀ। ਕਾਬੂ ਕੀਤੇ ਸਮੱਗਲਰਾਂ ਨੂੰ ਮੋਬਾਈਲ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਸੀ।

ਆਉਣ ਵਾਲੀ ਮੱਸਿਆ ਦੀ ਰਾਤ ਮੁਲਜ਼ਮਾਂ ਨੇ ਖੇਪ ਟਿਕਾਣੇ ਲਾਉਣ ਦੀ ਵਿਉਂਤ ਬਣਾਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ ਨਾਲ ਲਗਦੇ ਪਿੰਡ ਕੱਕੜ 'ਚ ਰਹਿੰਦੇ ਗੁਰਦੇਵ ਸਿੰਘ ਤੇ ਮੇਜਰ ਸਿੰਘ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ। ਉਹ ਮੋਬਾਈਲ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਰਹੇ ਹਨ।

ਇਸੇ ਆਧਾਰ 'ਤੇ ਪੁਲਿਸ ਨੇ ਜਦੋਂ ਸੋਮਵਾਰ ਨੂੰ ਦੋਵਾਂ ਨੂੰ ਰਾਊਂਡਅੱਪ ਕੀਤਾ ਤਾਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪਾਕਿਸਤਾਨੀ ਨਸ਼ਾ ਸਮੱਗਲਰ ਹੈਰੋਇਨ ਦੀ ਉਕਤ ਖੇਪ ਪਾਕਿਸਤਾਨੀ ਰੇਂਜਰਾਂ ਦੀ ਮਿਲੀਭੁਗਤ ਨਾਲ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ਕੱਕੜ ਦੇ ਖੇਤ 'ਚ ਲੁਕਾ ਕੇ ਚਲੇ ਗਏ ਹਨ। ਗਿ੍ਫ਼ਤਾਰ ਕੀਤੇ ਸਮੱਗਲਰਾਂ ਨੇ ਦੀਵਾਲੀ ਦੀ ਰਾਤ ਮੌਕਾ ਦੇਖ ਕੇ ਨਸ਼ੇ ਦੀ ਖੇਪ ਟਿਕਾਣੇ ਲਾ ਦੇਣੀ ਸੀ।

ਭਾਰਤ ਪੁੱਜਣ ਦੀ ਤਿਆਰੀ 'ਚ ਨਸ਼ੇ ਦੀ ਵੱਡੀ ਖੇਪ

ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ (ਪਾਕਿਸਤਾਨੀ ਇਲਾਕਾ) 'ਚ ਕਾਫ਼ੀ ਵੱਡੀ ਮਾਤਰਾ 'ਚ ਹੈਰੋਇਨ ਦੀ ਖੇਪ ਪਹੁੰਚ ਚੁੱਕੀ ਹੈ। ਦੀਵਾਲੀ ਦੀ ਰਾਤ ਅਤੇ ਧੁੰਦ ਦੇ ਮੌਸਮ ਦੌਰਾਨ ਸਮੱਗਲਰ ਸਰਹੱਦ 'ਤੇ ਸਰਗਰਮ ਹੋ ਜਾਣਗੇ। ਇਸ ਦੌਰਾਨ ਨਸ਼ੇ ਦੀ ਵੱਡੀ ਖੇਪ ਹੌਲੀ-ਹੌਲੀ ਭਾਰਤੀ ਇਲਾਕੇ 'ਚ ਪਹੁੰਚਾਈ ਜਾਵੇਗੀ। ਫਿਲਹਾਲ ਸੁਰੱਖਿਆ ਏਜੰਸੀਆਂ ਅਲਰਟ ਹੋ ਚੁੱਕੀਆਂ ਹਨ।