ਜਸਪਾਲ ਸਿੰਘ ਗਿੱਲ, ਮਜੀਠਾ : ਬੀਤੇ ਦਿਨੀਂ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਥਰੀਏਵਾਲ ਵਿਖੇ ਗੈਸ ਸਲੰਡਰ ਦੀ ਗੈਸ ਲੀਕ ਹੋਣ ਤੇ ਸਿਲੰਡਰ ਨੂੰ ਅੱਗ ਲੱਗ ਜਾਣ ਨਾਲ ਦੋ ਸਕੇ ਭਰਾ ਸੁਖਮਨਜੀਤ ਸਿੰਘ ਅਤੇ ਗੁਰਿੰਦਰ ਸਿੰਘ ਜਿਹੜੇ ਕਿ ਹਾਕੀ ਦੇ ਖਿਡਾਰੀ ਹਨ ਬੁਰੀ ਤਰ੍ਹਾਂ ਝੁਲਸ ਗਏ ਸਨ। ਇਸ ਦੇ ਨਾਲ ਹੀ ਇਨ੍ਹਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ ਵੀ ਸੜ੍ਹ ਗਿਆ ਸੀ। ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਦਾ ਪਿਤਾ ਰਾਮ ਸਿੰਘ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ। ਘਰ ਵਿਚ ਅਤਿ ਗਰੀਬੀ ਹੈ। ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਵਿੱਤੀ ਮਦਦ ਦੀ ਅਪੀਲ ਕੀਤੀ ਗਈ ਸੀ। ਜਿਸ ਤੇ ਪਰਿਵਾਰ ਦੀ ਵਿੱਤੀ ਹਾਲਤ ਅਤੇ ਦੋਵਾਂ ਨੌਜਵਾਨਾਂ ਦੀ ਖੇਡ ਦੇ ਜਜ਼ਬੇ ਨੂੰ ਦੇਖਦੇ ਹੋਏ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਤਰਫੋਂ ਐਡਵੋਕੇਟ ਰਾਕੇਸ਼ ਪ੍ਰਰਾਸ਼ਰ ਨੇ ਪਰਿਵਾਰ ਦੇ ਮੁਖੀ ਰਾਮ ਸਿੰਘ ਨੂੰ 20 ਹਜ਼ਾਰ ਰੁਪਏ ਨਕਦ ਇਲਾਜ ਵਾਸਤੇ ਦੇ ਕੇ ਵਿੱਤੀ ਸਹਾਇਤਾ ਕੀਤੀ ਹੈ। ਇਸ ਮੌਕੇ ਐਡਵਕੈਟ ਰਾਕੇਸ਼ ਪ੍ਰਰਾਸ਼ਰ ਨੇ ਕਿਹਾ ਕਿ ਮਜੀਠੀਆ ਪਰਿਵਾਰ ਇਸ ਅੌਖੇ ਸਮੇਂ ਵਿਚ ਪੀੜ੍ਹਤ ਪਰਿਵਾਰ ਦੇ ਨਾਲ ਖੜ੍ਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੋਵੇਂ ਨੌਜਵਾਨ ਜਲਦੀ ਸਿਹਤਯਾਬ ਹੋ ਕੇ ਫਿਰ ਤੋਂ ਹਾਕੀ ਦੇ ਮੈਦਾਨ ਵਿਚ ਆਪਣੇ ਜੌਹਰ ਦਿਖਾ ਕੇ ਆਪਣੇ ਪਰਿਵਾਰ, ਹਲਕਾ ਅਤੇ ਸੂਬੇ ਦਾ ਨਾਮ ਦੁਨੀਆ ਭਰ ਵਿਚ ਰੋਸ਼ਨ ਕਰਨ।