v> ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਅੰਮਿ੍ਤਸਰ ਰੇਲ ਹਾਦਸੇ ਦੇ 34 ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਵਿਸ਼ੇਸ਼ ਕੇਸ ਵਜੋਂ ਵਿਚਾਰਦੇ ਹੋਏ ਨਿਯਮਾਂ ’ਚ ਢਿੱਲ ਦਿੰਦਿਆਂ ਉਨ੍ਹਾਂ ਦੀ ਯੋਗਤਾ ਮੁਤਾਬਕ ਵੱਖ-ਵੱਖ ਵਿਭਾਗਾਂ/ਸੰਸਥਾਵਾਂ ’ਚ ਨੌਕਰੀਆਂ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਇਹ ਰੇਲ ਹਾਦਸਾ 19 ਅਕਤੂਬਰ 2018 ਨੂੰ ਅੰਮਿ੍ਤਸਰ ਵਿਖੇ ਜੌੜਾ ਫਾਟਕ ’ਤੇ ਦੁਸਹਿਰੇ ਵਾਲੇ ਦਿਨ ਵਾਪਰਿਆ ਸੀ, ਜਿਸ ਵਿਚ 58 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 71 ਵਿਅਕਤੀ ਜ਼ਖ਼ਮੀ ਹੋ ਗਏ ਸਨ।

ਦੱਸਣਯੋਗ ਹੈ ਕਿ ਇਹ ਪਰਿਵਾਰਕ ਮੈਂਬਰ ਤਰਸ ਦੇ ਆਧਾਰ ’ਤੇ ਨੌਕਰੀ ਲਈ ਸੂਬੇ ਦੀ ਮੌਜੂਦਾ ਨੀਤੀ ਅਤੇ ਇਸ ਨਾਲ ਸਬੰਧਤ 21 ਨਵੰਬਰ, 2002 ਦੀਆਂ ਹਦਾਇਤਾਂ ਦੇ ਦਾਇਰੇ ਹੇਠ ਨਹੀਂ ਆਉਂਦੇ ਸਨ।

ਇਸ ਤੋਂ ਬਾਅਦ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਦੇ ਪ੍ਰਸਤਾਵ ਉਪਰ ਮੁੱਖ ਮੰਤਰੀ ਦਫ਼ਤਰ ਨੇ ਵਿਚਾਰ-ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਕਿ 58 ਮਿ੍ਤਕਾਂ ਦੇ 34 ਪਰਿਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਸੂਬੇ ਦੇ ਵੱਖ-ਵੱਖ ਵਿਭਾਗਾਂ/ਸੰਸਥਾਵਾਂ ’ਚ ਨੌਕਰੀ ਲਈ ਵਿਚਾਰਿਆ ਜਾਵੇ।

Posted By: Jagjit Singh