ਗੁਰਬਰਿੰਦਰ ਸਿੰਘ, ਫਤਿਆਬਾਦ : ਫਤਿਆਬਾਦ ਇਲਾਕੇ 'ਚ ਤੇਜ਼ ਤੂਫ਼ਾਨ ਤੇ ਮੀਂਹ ਪੈਣ ਨਾਲ ਬਿਜਲੀ ਲਾਈਨਾਂ 'ਤੇ ਭਾਰੀ ਦਰੱਖ਼ਤ ਡਿੱਗਣ ਨਾਲ ਪਾਵਰਕਾਮ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਨਾਲ ਕਈ ਇਲਾਕਿਆਂ 'ਚ 16 ਤੋਂ 18 ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਖ਼ਪਤਕਾਰਾ ਨੂੰ ਪਰੇਸ਼ਾਨੀ ਝੱਲਣੀ ਪਈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਾਵਰਕਾਮ ਸਬ ਡਵੀਜ਼ਨ ਫਤਿਆਬਾਦ ਦੇ ਐੱਸਡੀਓ ਗੁਰਮੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਆਏ ਤੇਜ਼ ਤੂਫ਼ਾਨ ਤੇ ਭਾਰੀ ਮੀਂਹ ਕਾਰਨ ਸਬ ਡਵੀਜ਼ਨ ਫਤਿਆਬਾਦ ਅਧੀਨ ਆਉਂਦੇੇ ਪਿੰਡਾਂ ਜਿਨ੍ਹਾਂ ਵਿਚ ਫਤਿਆਬਾਦ, ਭਰੋਵਾਲ, ਖਵਾਸਪੁਰ, ਖੇਲਾ, ਭੋਈਆਂ, ਭੈਲ, ਟਾਂਡਾ, ਵੇਂਈਪੂੰਈ, ਤੁੜ, ਜਾਮਾਰਾਏ ਆਦਿ ਫੀਡਰਾਂ 'ਤੇ ਵੱਡੀ ਪੱਧਰ 'ਤੇ ਬਿਜਲੀ ਖੰਭਿਆਂ, ਲਾਈਨਾਂ ਤੇ ਟ੍ਰਾਸਫਾਰਮਰਾਂ ਦਾ ਨੁਕਸਾਨ ਹੋਇਆ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਅਧੀਨ ਵੱਖ-ਵੱਖ ਫੀਡਰਾਂ 'ਤੇ 90 ਤੋਂ ਉੱਪਰ ਖੰਭੇ, 25 ਦੇ ਕਰੀਬ ਟਰਾਂਸਫਾਰਮਰ ਤੋਂਂ ਇਲਾਵਾ ਸਪਲਾਈ ਲਾਈਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਲਾਈਨਾਂ 'ਤੇ ਖੰਭੇ ਡਿੱਗਣ ਕਾਰਨ ਇਲਾਕੇ ਦੇ ਪੇਡੂ ਤੇ ਸ਼ਹਿਰੀ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਵੀ ਪਾਵਰਕਾਮ ਦਾ ਮਾਲੀ ਨੁਕਸਾਨ ਹੋਇਆ। ਹਨੇਰੀ ਕਾਰਨ ਖੰਭੇ ਤੇ ਟਰਾਂਸਫਾਰਮਰ ਡਿੱਗਣ ਕਾਰਨ ਦਰਜਨਾਂ ਪਿੰਡਾਂ 'ਚ ਘਰਾਂ ਤੇ ਟਿਊਬਵੈੱਲ ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਬੰਦ ਰਹੀ। ਉਨ੍ਹਾਂ ਦਸਿਆ ਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਜ਼ਮੀਨਾਂ ਗਿੱਲੀਆਂ ਹੋਣ ਕਾਰਨ ਲਾਈਨਾਂ ਦਾ ਵਧੇਰੇ ਨੁਕਸਾਨ ਹੋਇਆ।

ਐੱਸਡੀਓ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਐਕਸੀਅਨ ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਮੁਲਾਜ਼ਮ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਬਿਜਲੀ ਸਪਲਾਈ ਬਹਾਲ ਕਰਨ ਲਈ ਪਸੀਨਾ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਵਿਚ ਕਰਮਚਾਰੀਆਂ ਦੀ ਕਮੀ ਦੇ ਬਾਵਜੂਦ ਮੁਲਾਜ਼ਮਾਂ ਦੀ ਮਿਹਨਤ ਸਦਕਾ ਸ਼ਹਿਰੀ ਖੇਤਰਾਂ ਤੇ ਘੱਟ ਨੁਕਸਾਨ ਵਾਲੇ ਖੇਤਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਤੇ ਰਹਿੰਦੇ ਇਲਾਕਿਆਂ ਦੀ ਸਪਲਾਈ ਠੀਕ ਕਰਨ ਲਈ ਮੁਲਾਜ਼ਮ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰ ਰਹੇ ਹਨ।