ਸਰਬਜੀਤ ਸਿੰਘ ਖ਼ਾਲਸਾ, ਅਜਨਾਲਾ : ਚੰਗੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਢਾਂਚਾ ਦੇਸ਼ ਦੀ ਬੁਨਿਆਦ ਹੁੰਦੇ ਹਨ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਬਹੁਤੀ ਵਾਰ ਇਹ ਦਾਅਵੇ ਕਾਗ਼ਜ਼ਾਂ ਤਕ ਹੀ ਸੀਮਿਤ ਰਹਿ ਜਾਂਦੇ ਹਨ। ਕੋਵਿਡ-19 ਦੀ ਚੱਲ ਰਹੀ ਮਹਾਮਾਰੀ ਦੌਰਾਨ ਅਜਨਾਲਾ ਸ਼ਹਿਰ ਦੇ ਕਸਬਾ ਗੱਗੋਮਾਹਲ ਦਾ ਪ੍ਰਰਾਇਮਰੀ ਹੈਲਥ ਸੈਂਟਰ ਸਿਹਤ ਸੁਧਾਰਾਂ ਦੀ ਪੋਲ ਖੋਲ੍ਹਦਾ ਹੈ। ਇਹ ਸੈਂਟਰ ਸਰਹੱਦੀ ਖੇਤਰ ਦੇ ਕਈ ਪਿੰਡਾਂ ਨੂੰ ਸਿਹਤ ਸੇਵਾਵਾਂ ਬਿਨਾਂ ਇਮਾਰਤ ਦੇ ਮੁਹੱਈਆ ਕਰ ਰਿਹਾ ਹੈ। ਪ੍ਰਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਏਨੀ ਖ਼ਸਤਾ ਹਾਲਤ ਵਿਚ ਹੈ ਕਿ ਕਰੀਬ 6 ਮਹੀਨੇ ਪਹਿਲਾਂ ਲੈਂਟਰ ਦਾ ਇਕ ਵੱਡਾ ਹਿੱਸਾ ਡਿਊਟੀ ਦੇ ਰਹੇ ਸਟਾਫ 'ਤੇ ਡਿੱਗ ਪਿਆ ਜਿਸ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਸਟਾਫ ਮੈਂਬਰਾਂ ਨੂੰ ਸੱਟਾਂ ਜ਼ਰੂਰ ਲੱਗੀਆਂ।

ਸਿਹਤ ਵਿਭਾਗ ਵੱਲੋਂ ਸੈਂਟਰ ਬੰਦ ਕਰ ਕੇ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ 'ਤੇ ਗ੍ਰਾਮ ਪੰਚਾਇਤ ਗੱਗੋਮਾਹਲ ਵੱਲੋਂ ਪੰਚਾਇਤ ਘਰ ਦੀ ਇਮਾਰਤ ਸਿਹਤ ਵਿਭਾਗ ਨੂੰ ਆਰਜ਼ੀ ਤੌਰ 'ਤੇ ਦੇਣ ਦੀ ਗੱਲ ਕੀਤੀ ਗਈ। 6 ਮਹੀਨੇ ਤੋਂ ਇਹ ਸੈਂਟਰ ਪੰਚਾਇਤ ਘਰ ਦੇ ਹਾਲ ਵਿਚ ਚੱਲ ਰਿਹਾ ਹੈ ਜਿੱਥੇ ਨਾ ਤਾਂ ਡਾਕਟਰ ਲਈ ਵੱਖਰਾ ਕਮਰਾ ਹੈ ਤੇ ਨਾ ਨਰਸਿੰਗ ਸਟਾਫ ਲਈ। ਮਜਬੂਰੀ ਵੱਸ ਉਨ੍ਹਾਂ ਨੂੰ ਮਰੀਜ਼ ਖੁੱਲ੍ਹੇ ਹਾਲ ਵਿਚ ਹੀ ਦੇਖਣੇ ਪੈਂਦੇ ਹਨ। ਪਾਣੀ ਤੇ ਵਾਸ਼ਰੂਮ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ।

ਪ੍ਰਰਾਇਮਰੀ ਹੈਲਥ ਸੈਂਟਰ ਵਿਚ ਤਾਇਨਾਤ ਡਾ. ਪਰਮਬੀਰ ਸੋਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਲਥ ਸੈਂਟਰ ਦੀ ਬਿਲਡਿੰਗ ਨੂੰ ਅਯੋਗ ਕਰਾਰ ਦੇ ਕੇ ਰਿਪੋਰਟ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਰ ਕੇ ਸਟਾਫ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਘਾਟ ਕਰਨ 18 ਤੋਂ 45 ਸਾਲ ਦੇ ਲੋਕਾਂ ਨੂੰ ਵੈਕਸੀਨੇਸ਼ਨ ਸ਼ੁਰੂ ਨਹੀਂ ਕੀਤੀ ਜਾ ਸਕੀ, ਜਦੋਂ ਕਿ 45 ਸਾਲ ਤੋਂ ਉਪਰ ਵਾਲੇ ਕਰੀਬ 1200 ਵਿਆਕਤੀਆਂ ਨੂੰ ਹੁਣ ਤਕ ਸੈਂਟਰ ਵੱਲੋਂ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਪ੍ਰਰਾਇਮਰੀ ਹੈਲਥ ਸੈਂਟਰ ਦੀ ਬਿਲਡਿੰਗ ਨੂੰ ਜਲਦ ਤਿਆਰ ਕਰ ਦਿੱਤਾ ਜਾਵੇ, ਤਾਂ ਜੋ ਕਸਬੇ ਤੇ ਨੇੜਲੇ ਪਿੰਡਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।