ਨਵੀਨ ਰਾਜਪੂਤ, ਅੰਮਿ੍ਤਸਰ : ਪਾਕਿਸਤਾਨ ਦੇ ਗੂੁੰਗੇ-ਬਹਿਰੇ ਕੈਦੀ ਦੀ ਮੌਤ ਤੇ ਉਸ ਦੀ ਲਾਸ਼ ਵਤਨ ਭੇਜਣ ਦੇ ਮਾਮਲੇ 'ਚ ਅੰਮਿ੍ਤਸਰ ਜੇਲ੍ਹ ਪ੍ਰਸ਼ਾਸਨ ਫੱਸਦਾ ਜਾ ਰਿਹਾ ਹੈ। ਦੋਸ਼ ਹੈ ਕਿ ਜੇਲ੍ਹ ਪ੍ਰਸ਼ਾਸਨ ਕਾਰਨ ਲਾਸ਼ ਨੂੰ ਇਕ ਜ਼ਿੰਦਾ ਕੈਦੀ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਮਾਮਲਾ ਜੁਲਾਈ 2020 'ਚ ਮੁਹੰਮਦ ਸਈਅਦ ਸ਼ੇਖ ਉਰਫ਼ ਮੁਹੰਮਦ ਇਕਬਾਲ ਦੀ ਮੌਤ ਨਾਲ ਜੁੜਿਆ ਹੈ। ਦੋਸ਼ ਹੈ ਕਿ ਜੇਲ੍ਹ ਅਧਿਕਾਰੀਆਂ ਦੀ ਗ਼ਲਤੀ ਕਾਰਨ ਸਈਅਦ ਸ਼ੇਖ ਦੀ ਲਾਸ਼ ਅੰਮਿ੍ਤਸਰ ਜੇਲ੍ਹ 'ਚ ਬੰਦ ਹੋਰ ਪਾਕਿ ਕੈਦੀ ਖਾਦਿਮ ਦੇ ਵਾਰਸਾਂ ਨੂੰ ਪਾਕਿਸਤਾਨ 'ਚ ਸੌਂਪ ਦਿੱਤੀ ਗਈ ਹੈ।

ਇਹ ਹੈ ਮਾਮਲਾ

ਬੀਐੱਸਐੱਫ ਨੇ ਸਰਹੱਦ ਪਾਰ ਕਰਨ ਦੀ ਫਿਰਾਕ 'ਚ ਸਾਲ 2017 'ਚ ਪਾਕਿਸਤਾਨ ਦੇ ਆਤਮਾ ਖੁਰਾਸ਼ੀਵਾਲਾ ਵਾਸੀ ਅਬਦੁਲ ਕਰੀਬ ਦੇ ਪੁੱਤਰ ਖਾਦਿਮ ਨੂੰ ਗਿ੍ਫ਼ਤਾਰ ਕੀਤਾ ਸੀ। ਘਰਿੰਡਾ ਪੁਲਿਸ ਨੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਸਾਲ 2016 'ਚ ਗੁਰਦਾਸਪੁਰ ਪੁਲਿਸ ਨੇ ਪਾਕਿਸਤਾਨ ਦੇ ਸ਼ੇਖੂਪੁਰਾ ਸਥਿਤ ਮਨਿਆਲਾ ਪਿੰਡ ਵਾਸੀ ਮੁਹੰਮਦ ਸਈਅਦ ਸ਼ੇਖ ਨੂੰ ਗਿ੍ਫ਼ਤਾਰੀ ਕੀਤਾ ਸੀ। ਅਦਾਲਤ ਦੇ ਆਦੇਸ਼ 'ਤੇ ਦੋਵਾਂ ਨੂੰ ਅੰਮਿ੍ਤਸਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ ਦੋਵੇਂ ਪਾਕਿਸਤਾਨੀ ਕੈਦੀ ਗੂੰਗੇ-ਬਹਿਰੇ ਹਨ। ਉਹ ਗ਼ਲਤੀ ਨਾਲ ਸਰਹੱਦ ਪਾਰ ਭਾਰਤ 'ਚ ਆ ਗਏ। ਜੇਲ੍ਹ 'ਚ ਟੀਬੀ ਰੋਗ ਕਾਰਨ ਸਾਹ 'ਚ ਤਕਲੀਫ ਹੋਣ 'ਤੇ ਜੇਲ੍ਹ ਪ੍ਰ੍ਸ਼ਾਸਨ ਨੇ ਮੁਹੰਮਦ ਸ਼ੇਖ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਸਿਹਤ 'ਚ ਸੁਧਾਰ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਪਰੰਤ ਲਾਸ਼ ਨੂੰ ਅਟਾਰੀ ਸਰਹੱਦ ਜ਼ਰੀਏ ਪਾਕਿਸਤਾਨ ਭੇਜ ਦਿੱਤਾ ਗਿਆ ਪਰ ਕੈਦੀ ਦੀ ਲਾਸ਼ 'ਤੇ ਟੈਗ 'ਚ ਉਸ ਦੀ ਪਛਾਣ ਮੁਹੰਮਦ ਸ਼ੇਖ ਦੀ ਬਜਾਏ ਖਾਦਿਮ ਲਿਖ ਦਿੱਤੀ ਗਈ ਸੀ। ਇਸ ਕਾਰਨ ਪਾਕਿ ਫ਼ੌਜ ਤੇ ਪੁਲਿਸ ਨੇ ਖਾਦਿਮ ਦੇ ਪਰਿਵਾਰ ਨੂੰ ਮੁਹੰਮਦ ਸ਼ੇਖ ਦੀ ਲਾਸ਼ ਸੌਂਪ ਦਿੱਤੀ।

ਫਾਈਲਾਂ 'ਤੇ ਫੋਟੋਆਂ ਵੀ ਨਹੀਂ ਸਨ

ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਕੈਦੀ ਗੂੰਗੇ ਤੇ ਬਹਿਰੇ ਸਨ। ਉਨ੍ਹਾਂ ਦੀਆਂ ਫਾਈਲਾਂ 'ਤੇ ਫੋਟੋਆਂ ਵੀ ਨਹੀਂ ਲੱਗੀਆਂ ਸਨ। ਘਟਨਾ ਦੀ ਪਤਾ ਚਲਦਿਆਂ ਹੀ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਵਾਇਰਲ ਪੱਤਰ ਨੇ ਮਚਾਇਆ ਹੜਦੁੰਗ

ਜੇਲ੍ਹ 'ਚ ਬੰਦ ਹੋਰ ਕੈਦੀ ਨੇ ਉਕਤ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਇਕ ਪੱਤਰ ਮੋਬਾਈਲ ਜ਼ਰੀਏ ਵਾਇਰਲ ਕੀਤਾ ਹੈ। ਇਸ ਬਾਰੇ ਪਤਾ ਚੱਲਦਿਆਂ ਹੀ ਜੇਲ੍ਹ ਪ੍ਰਸ਼ਾਸਨ 'ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਸ਼ਾਮ ਜੇਲ੍ਹ 'ਚ ਸਰਚ ਮੁਹਿੰਮ ਵੀ ਚਲਾਈ ਗਈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਕੈਦੀ ਨੇ ਇਸ ਬਾਰੇ ਸੂਚਨਾ ਬਾਹਰ ਭੇਜੀ ਹੈ।