ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਗੁਰਦੁਆਰਾ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਨੌਵੀਂ ਪਾਤਸ਼ਾਹੀ ਦੀ ਸਦੀਵੀਂ ਯਾਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ 100 ਕਰੋੜ ਦੀ ਮੰਗ ਕੀਤੀ। ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਦੇਸ਼ ਤੇ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਬਲੀਦਾਨ ਦਿੱਤਾ ਸੀ।

ਗੁਰੂ ਸਾਹਿਬ ਦੇ ਜੀਵਨ ਤੋਂ ਸਦੀਵੀਂ ਪ੍ਰੇਰਣਾ ਦੇ ਉਦੇਸ਼ ਨਾਲ ਗੁਰਦੁਆਰਾ ਸੱਚਖੰਡ ਬੋਰਡ ਵਲੋਂ ਸੱਚਖੰਡ ਪਬਲਿਕ ਸਕੂਲ਼ ਸੀਬੀਐੱਸਈ ਤੇ ਖੇਡਾਂ ਲਈ ਸੁਵਿਧਾ ਭਰਪੂਰ ਵੱਡਾ ਖੇਡ ਮੈਦਾਨ ਸਟੇਡੀਅਮ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਖੇਡਾਂ ’ਚ ਵਾਲੀਬਾਲ, ਹਾਕੀ, ਫੁੱਟਬਾਲ ਤੇ ਕੁਸ਼ਤੀ ਆਦਿ ਦੇ ਖਿਡਾਰੀ ਉੱਚ ਦਰਜੇ ਦੇ ਕੋਚਾਂ ਰਾਹੀਂ ਤਿਆਰ ਕੀਤੇ ਜਾਣਗੇ।

ਇਨ੍ਹਾਂ ਸਾਰੀਆਂ ਉਸਾਰੀਆਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ, ਜਿਸ ਲਈ ਲਗਭਗ 100 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਮੂਹ ਅਹੁਦੇਦਾਰਾਂ, ਮੈਂਬਰਾਂ ਤੇ ਸਮੂਹ ਸੰਗਤਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਸਾਰੇ ਕਾਰਜਾਂ ਲਈ 100 ਕਰੋੜ ਰੁਪਏ ਦੀ ਰਾਸ਼ੀ ਦੀ ਪੱਤਰ ਰਾਹੀਂ ਮੰਗ ਕੀਤੀ ਗਈ ਹੈ।

Posted By: Jagjit Singh