ਅਮਨਦੀਪ ਸਿੰਘ, ਅੰਮਿ੍ਤਸਰ : 700 ਤੋਂ ਵੱਧ ਸੰਗੀਤ ਸਟੇਜਾਂ ਸਾਂਝੀਆਂ ਕਰ ਚੁੱਕੀ ਅਤੇ ਇੰਡੀਆ ਗੌਟ ਟੈਲੰਟ ਤਕ ਪਹੁੰਚ ਕੇ ਗੁਰੂ ਨਗਰੀ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕਰਨ ਵਾਲੀ ਅੰਮਿ੍ਤਸਰ ਦੀ ਹੋਣਹਾਰ ਧੀ ਹਰਗੁਨ ਕੌਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਰਗੁਨ ਨੂੰ ਗੋਲਡ ਮੈਡਲ, ਸ਼ਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਟੇਟ ਐਵਾਰਡ ਹਰਗੁਨ ਕੌਰ ਦੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ ਦਿੱਤਾ ਗਿਆ ਹੈ। ਹਰਗੁਨ ਕੌਰ ਨੂੰ ਬੀਤੇ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਹੇਅਰ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਹਾਜ਼ਰੀ 'ਚ ਅੰਮਿ੍ਤਸਰ ਜ਼ਿਲ੍ਹੇ ਦੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦਾ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ।

ਆਪਣੀ ਧੀ ਦੀ ਇਸ ਉਪਲਬਧੀ 'ਤੇ ਬੇਹੱਦ ਖ਼ੁਸ਼ ਉਸ ਦੇ ਪਿਤਾ ਤਜਿੰਦਰ ਸਿੰਘ ਅਤੇ ਮਾਂ ਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਹਰਗੁਨ ਸੰਗੀਤ ਵਿਚ ਕਈ ਉਪਲਬਧੀਆਂ ਤੇ ਮਾਣ ਸਨਮਾਨ ਹਾਸਲ ਕਰ ਚੁੱਕੀ ਹੈ, ਪਰ ਮੁੱਖ ਮੰਤਰੀ ਵੱਲੋਂ ਮਿਲੇ ਇਸ ਸਟੇਟ ਐਵਾਰਡ ਲਈ ਉਹ ਬਹੁਤ ਖ਼ੁਸ਼ ਹਨ। ਹਰਗੁਨ ਦੀ ਆਵਾਜ਼ ਵਿਚ ਕਈ ਗੀਤ ਤੇ ਸ਼ਬਦ ਵੀ ਰਿਲੀਜ਼ ਹੋ ਚੁੱਕੇ ਹਨ। ਹਰਗੁਨ ਇਸ ਸਮੇਂ ਸੰਗੀਤ ਵਿਸ਼ੇ 'ਤੇ ਮੁੰਬਈ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਹੈ। ਹਰਗੁਨ ਨੇ ਕਿਹਾ ਕਿ ਸੰਗੀਤ ਤਾਂ ਬਚਪਨ ਤੋਂ ਹੀ ਉਸ ਦੀ ਜਿਵੇਂ 'ਖ਼ੁਰਾਕ' ਬਣ ਗਿਆ। ਉਹ ਮਾਪਿਆਂ ਦੀ ਇਕਲੌਤੀ ਸੰਤਾਨ ਹੈ। 3 ਸਾਲ ਦੀ ਉਮਰ ਵਿਚ ਸਕੂਲ ਤੋਂ ਆਉਂਦੇ ਸਾਰ ਸੰਗੀਤ ਗੁਣਗੁਣਾਉਂਦੀ ਤਾਂ ਪਿਤਾ ਤਬਲਾ ਵਜਾ ਕੇ ਹਰਗੁਨ ਦਾ ਸਾਥ ਦਿੰਦੇ ਅਤੇ ਦਾਦਾ ਵੀ ਉਸ ਦੀ ਸੁਰ ਨਾਲ ਸੁਰ ਮਿਲਾਉਂਦੇ। ਹਰਗੁਨ ਆਪਣੀ ਸੰਗੀਤ ਦੀ ਇਸ ਕਲਾ ਨੂੰ 'ਗੌਡ ਗਿਫ਼ਟ' ਮੰਨਦੀ ਹੈ।

2011 ਵਿਚ ਸ਼੍ਰੀ ਹਰੀਵੱਲਭ ਸੰਗੀਤ ਸੰਮੇਲਨ ਜਲੰਧਰ ਵਿਚ ਜੂਨੀਅਰ ਜੇਤੂ ਰਹਿਣ ਵਾਲੀ ਹਰਗੁਨ 2013 ਵਿਚ ਸੀਨੀਅਰ ਕੈਟਾਗਰੀ ਵਿਚ ਸੈਮੀ ਕਲਾਸੀਕਲ ਦੀ ਜੇਤੂ ਬਣੀ। ਇਸੇ ਜਿੱਤ ਕਾਰਨ ਉਸ ਨੂੰ 2014 ਵਿਚ ਵੱਡੀ ਸਟੇਜ 'ਤੇ ਕਈ ਫਿਲਮੀ ਹਸਤੀਆਂ ਦੇ ਸਾਹਮਣੇ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਵਾਇਸ ਆਫ ਪੰਜਾਬ 2012 ਵਿਚ ਟੌਪ-4 ਵਿਚ 'ਬੈਸਟ ਪਰਫਾਰਮੈਂਸ' 'ਤੇ ਤਿੰਨ ਐਵਾਰਡ ਮਿਲੇ। 2014 ਵਿਚ ਇੰਡੀਆ ਗੌਟ ਟੈਲੰਟ ਦੀ ਫਾਈਨਲਿਸਟ ਰਹੀ। ਛੋਟੇ ਉਸਤਾਨ ਸੀਜ਼ਨ-1 ਦੀ ਵਿਨਰ, ਨਾਈਨ ਐਕਸ ਚੈਨਲ ਦੇ ਚੱਕ ਦੇ ਫੱਟੇ ਦੀ ਵੀ ਵਿਨਰ ਰਹਿ ਚੁੱਕੀ ਹੈ। 2009-10 ਵਿਚ ਪੀਟੀਸੀ ਬੈਸਟ ਅਪਕਮਿੰਗ ਸਿੰਗਰ ਐਵਾਰਡ ਪੀਏਪੀ ਜਲੰਧਰ ਵਿਚ, ਪਰਾਈਡ ਆਫ ਐਵਾਰਡ ਡੀਏਵੀ ਮੈਨਜਮੈਂਟ ਵੱਲੋਂ ਮਿਲਿਆ।

ਕਈ ਫਿਲਮੀ ਸਿਤਾਰਿਆਂ ਨਾਲ ਨਾਂ ਕਮਾ ਚੁੱਕੀ ਹਰਗੁਨ

ਮੁੰਬਈ ਦੀਆਂ ਕਈ ਫਿਲਮੀ ਹਸਤੀਆਂ ਨਾਲ ਮੰਚ ਸਾਂਝਾ ਕਰ ਚੁੱਕੀ ਹੈ। ਭਾਰਤੀ ਉਰਫ਼ ਲੱਲੀ, ਕਪਿਲ ਸ਼ਰਮਾ, ਕੁਮਾਰ ਸ਼ਾਨੂੰ, ਉਦਿਤ ਨਾਰਾਇਣ, ਸ਼ਾਹਰੁਖ ਖ਼ਾਨ, ਅਨੂਪ, ਅਮਿਤਾਭ ਬਚਨ, ਜੂਹੀ ਚਾਵਲਾ, ਦਿਲਜੀਤ ਦੋਸਾਂਝ, ਪਿ੍ਰਯੰਕਾ ਚੋਪੜਾ, ਕਰਨ ਜੋਹਰ, ਮਲਾਇਕਾ ਅਰੋੜਾ, ਕੰਗਨਾ ਰਣੌਤ, ਨਵਜੋਤ ਸਿੰਘ ਸਿੱਧੂ, ਗਿੱਪੀ ਗਰੇਵਾਲ, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਸੁਰਿੰਦਰ ਛਿੰਦਾ, ਰਵੀਨਾ ਟੰਡਨ, ਮਨੋਜ ਤਿਵਾਰੀ, ਕਿਰਨ ਖੇਰ, ਸਲਮਾ ਆਗਾ ਆਦਿ ਕਈ ਫਿਲਮੀ ਸਿਤਾਰਿਆਂ ਨਾਲ ਹਰਗੁਨ ਨਾਂ ਕਮਾ ਚੁੱਕੀ ਹੈ।