ਰਜਿੰਦਰ ਸਿੰਘ ਰੂਬੀ, ਅੰਮਿ੍ਤਸਰ : 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਮੁਖੀ ਅੰਮਿ੍ਤਪਾਲ ਸਿੰਘ ਜੋ ਕਿ ਪਿਛਲੇ ਦਿਨਾਂ ਤੋਂ ਭਗੌੜਾ ਹੈ, ਭਾਰਤ ਵਾਲੇ ਪਾਸਿਓਂ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਸ ਦੀ ਕੋਸ਼ਿਸ਼ ਨਾਕਾਮ ਬਣਾਉਣ ਲਈ ਕੇਂਦਰ ਸਰਕਾਰ ਚੌਕਸ ਹੈ ਤੇ ਸਰਕਾਰ ਨੇ ਬੀਐੱਸਐੱਫ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਪਾਲ ਦੀ ਤਾਜ਼ਾ ਲੋਕੇਸ਼ਨ ਪੰਜਾਬ ਤੋਂ ਬਾਹਰ ਦੀ ਆ ਰਹੀ ਹੈ। ਇਸ ਦੇ ਮੱਦੇਨਜ਼ਰ ਸੂਹੀਆ ਏਜੰਸੀਆਂ ਚੌਕਸ ਹਨ। ਓਧਰ, ਬੀਐੱਸਐੱਫ ਦੇ ਜਵਾਨ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਹਨ, ਦੇ ਉੱਚ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਨੇ ਅੰਮਿ੍ਤਪਾਲ ਦੀਆਂ ਵੱਖ ਵੱਖ ਰੂਪ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਜਵਾਨਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਭਗੌੜਾ ਅੰਮਿ੍ਤਪਾਲ ਇਨ੍ਹਾਂ ਵਿੱਚੋਂ ਕਿਸੇ ਵੀ ਭੇਸ ਨਜ਼ਰ ਆ ਸਕਦਾ ਹੈ। ਉਹ ਰਾਤ ਸਮੇਂ ਸਰਹੱਦ 'ਤੇ ਆ ਕੇ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੌਕੇ 'ਤੇ ਗਿ੍ਫ਼ਤਾਰ ਕੀਤਾ ਜਾਵੇ। ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਤੇ ਗੁਜਰਾਤ ਸੂਬਿਆਂ ਦੀ ਜੋ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ, ਉਥੇ ਰਾਤ ਸਮੇਂ ਬੀਐੱਸਐੱਫ ਜਵਾਨ ਡਿਊਟੀ ਕਰਦੇ ਹਨ। ਇਸ ਲਈ ਇਹ ਤਸਵੀਰਾਂ ਅਟਾਰੀ ਸਰਹੱਦ ਦੇ ਨਾਲ ਲੱਗਦੀ ਕੰਡਿਆਲੀ ਤਾਰ 'ਤੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਅੰਮਿ੍ਤਪਾਲ ਦੀਆਂ ਵੱਖ ਵੱਖ ਰੂਪ ਵਾਲੀਆਂ ਤਸਵੀਰਾਂ ਦੇ ਕਲਰਡ ਪਿ੍ਰੰਟ ਕੱਢ ਕੇ ਦਿੱਤੇ ਗਏ ਹਨ। ਭਗੌੜੇ ਅੰਮਿ੍ਤਪਾਲ ਦੀਆਂ ਤਸਵੀਰਾਂ ਭਾਰਤੀ ਸਰਹੱਦ ਵਿਖੇ ਝੰਡੇ ਦੀ ਰਸਮ ਵੇਖਣ ਆਉਂਦੀ ਭੀੜ ਦੇ ਸਾਹਮਣੇ ਵੀ ਲਗਾਈਆਂ ਗਈਆਂ ਹਨ।