ਸਟਾਫ ਰਿਪੋਰਟਰ, ਅੰਮਿ੍ਤਸਰ : ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਧਰਮ ਪ੍ਰਚਾਰ ਕਮੇਟੀ ਮੁਖੀ ਭਾਗ ਸਿੰਘ ਅਣਖੀ ਦੀ ਅਗਵਾਈ ਹੇਠ ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਸੈਟਰਲ ਖਾਲਸਾ ਯਤੀਮਖਾਨਾ ਦੇ ਭਾਈ ਨੰਦ ਲਾਲ ਹਾਲ ਵਿਖੇ ਤਿੰਨ ਦਿਨਾਂ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ 'ਚ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਜੀਟੀ ਰੋਡ ਤੇ ਆਸ਼ਰਮ ਦੇ ਬੱਚਿਆਂ ਨੇ ਸਾਂਝੇ ਤੌਰ 'ਤੇ ਹਿੱਸਾ ਲਿਆ। ਕੈਂਪ ਦੌਰਾਨ ਬੱਚਿਆਂ ਨੂੰ ਅੰਮਿ੍ਤ ਵੇਲੇ ਤੋਂ ਸ਼ਾਮ ਤਕ ਸਿੱਖੀ ਜੀਵਨ ਜਾਚ ਨਾਲ ਜੋੜਣ ਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ ਗਿਆ। ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕੈਂਪ ਦਾ ਆਰੰਭ ਕਰਦਿਆਂ ਬੱਚਿਆਂ ਨੂੰ ਕਰਮ-ਕਾਡਾਂ ਤੋਂ ਬਚਣ ਤੇ ਸਿੱਧਾ ਸਾਦਾ ਜੀਵਨ ਬਤੀਤ ਕਰਨ ਦੀ ਪ੍ਰਰੇਰਣਾ ਦਿੱਤੀ। ਚੀਫ ਖਾਲਸਾ ਦੀਵਾਨ ਐਡੀਸ਼ਨਲ ਸੱਕਤਰ ਅਵਤਾਰ ਸਿੰਘ ਨੇ ਵੀ ਧਰਮ ਪ੍ਰਚਾਰ ਕਮੇਟੀ ਦੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਚੀਫ ਖਾਲਸਾ ਦੀਵਾਨ ਦੀ ਸਿੱਖੀ ਪ੍ਰਤੀ ਵਚਨਬੱਧਤਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਵਿਚ ਸਹਾਇਕ ਸਿੱਧ ਹੁੰਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੋ ਕੁਝ ਵੀ ਬੱਚੇ ਕੈਂਪ 'ਚ ਸਿੱਖ ਕੇ ਜਾਣ, ਉਨ੍ਹਾਂ ਸਿਧਾਂਤਾਂ ਨੂੰ ਪਰਿਵਾਰਾਂ ਵਿਚ ਵੀ ਵਿਚਰਦੇ ਹੋਏ ਕਾਇਮ ਰੱਖਿਆ ਜਾਵੇ ਤਾ ਜੋ ਸਿੱਖ ਪਨੀਰੀ ਆਪਣੇ ਧਰਮ 'ਚ ਪਰਿਪੱਕ ਹੋ ਸਕੇ। ਪ੍ਰਰੋ. ਹਰੀ ਸਿੰਘ ਨੇ ਗੁਰਮਤਿ ਕੈਂਪ ਦਾ ਮਹੱਤਵ ਦੱਸਦਿਆਂ ਬੱਚਿਆਂ ਨੂੰ ਸਿੱਖ ਇਤਹਾਸ ਅਤੇ ਸਿੱਖ ਰਹਿਤ ਮਰਿਆਦਾ ਨਾਲ ਜੁੜਣ ਦੀ ਪ੍ਰਰੇਰਣਾ ਦਿੱਤੀ।