ਰਮੇਸ਼ ਰਾਮਪੁਰਾ, ਅੰਮਿ੍ਤਸਰ : ਖ਼ਾਲਸਾ ਕਾਲਜ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਸ਼ੀ੍ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਬਾਣੀ : ਬਹੁ-ਸੱਭਿਆਚਾਰਕ ਪ੍ਰਵਚਨ ਵਿਸ਼ੇ 'ਤੇ ਇਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਵਰਿੰਦਰ ਸਿੰਘ ਵਾਲੀਆ, ਸੰਪਾਦਕ 'ਪੰਜਾਬੀ ਜਾਗਰਣ' ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ। ਸੈਸ਼ਨ ਦੇ ਮੁੱਖ ਵਕਤਾ ਹਰਿਸਿਮਰਨ ਸਿੰਘ ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਅਡਵਾਂਸ ਸਿੱਖ ਸਟੱਡੀਜ਼ ਅਨੰਦਪੁਰ ਸਾਹਿਬ ਸਨ।

ਸੈਮੀਨਾਰ ਦੇ ਮੁੱਖ ਮਹਿਮਾਨ ਵਰਿੰਦਰ ਸਿੰਘ ਵਾਲੀਆ ਨੇ ਸ਼ੀ੍ ਗੁਰੂ ਨਾਨਕ ਦੇਵ ਜੀ ਨੂੰ ਬ੍ਹਿਮੰਡੀ ਨਾਗਰਿਕ ਵਜੋਂ ਸਤਿਕਾਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਰਹੱਦਾਂ ਤੋੜ ਕੇ ਵਿਸ਼ਵ ਪਿੰਡ ਦੀ ਸਥਾਪਨਾ ਕੀਤੀ ਸੀ। ਅਜੋਕੀ ਸੂਚਨਾ ਤਕਨੀਕ ਦਾ ਸਿਰਜਿਆ ਵਿਸ਼ਵ ਪਿੰਡ ਅਧੂਰਾ ਅਤੇ ਝੂਠਾ ਹੈ ਜੋ ਨੇੜਲੇ ਸੰਵਾਦ ਨੂੰ ਤੋੜਦਾ ਹੈ। ਉਨ੍ਹਾਂ ਕਿਹਾ ਕਿ ਜੇ ਸਿੱਖ ਕਿਰਤ ਕਰੇਗਾ ਤਾਂ ਹੀ ਵੰਡ ਸਕੇਗਾ, ਇਸ ਲਈ ਕਿਰਤ ਦਾ ਸਹਿਯੋਗੀ ਸਮਾਜ ਸਿਰਜਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ ਪਰ ਅਜੋਕੀ ਪੀੜ੍ਹੀ ਇਸ ਸੁਨੇਹੇ ਨੂੰ ਵਿਸਾਰਨ 'ਤੇ ਤੁਲੀ ਹੋਈ ਹੈ ਅਤੇ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਰੁਖ਼ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੂੰ ਸਮਝਣ ਦੀ ਲੋੜ ਹੈ ਜੇ ਕੁਦਰਤ ਨੂੰ ਵਿਸਾਰਿਆ ਗਿਆ ਤਾਂ ਕੁਦਰਤ ਵੀ ਜ਼ਰੂਰ ਸਬਕ ਸਿਖਾਵੇਗੀ।

ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਰਾਹੀਂ ਅਸੀਂ ਵਿਦਵਾਨਾਂ ਤੋਂ ਆਸ ਕਰਦੇ ਹਾਂ ਕਿ ਉਹ ਪੰਜਾਬ ਦੀਆਂ ਵਰਤਮਾਨ ਸਮੱਸਿਆਵਾਂ ਜਿਨ੍ਹਾਂ ਵਿਚ ਵੱਧਦੀ ਧਾਰਮਿਕ ਅਸਹਿਣਸ਼ੀਲਤਾ, ਖੇਤੀ ਦਾ ਸੰਕਟ ਅਤੇ ਪੰਜਾਬੀ ਨੌਜਵਾਨਾਂ ਦਾ ਪਰਵਾਸ ਵੱਲ ਰੁਝਾਨ ਜਿਹੇ ਵਿਸ਼ਿਆਂ ਬਾਰੇ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਕੋਈ ਨਵਾਂ ਮਾਡਲ ਉਸਾਰਨ ਦੀ ਕੋਸ਼ਿਸ਼ ਕਰਨਗੇ।

ਸੈਮੀਨਾਰ ਦੇ ਮੁੱਖ ਬੁਲਾਰੇ ਹਰਿਸਿਮਰਨ ਸਿੰਘ ਨੇ ਕਿਹਾ ਕਿ ਏਸ਼ੀਆ ਧਰਮਾਂ ਦੀ ਨਰਸਰੀ ਹੈ ਅਤੇ ਧਰਮਾਂ ਦਾ ਨਿਖੇੜਾ ਉਨ੍ਹਾਂ ਦੀ ਪ੍ਰਮਾਤਮਾ ਬਾਰੇ ਸੋਚ 'ਚ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਕੁਦਰਤ 'ਚ ਰਮੇ ਹੋਏ ਇਕ ਪ੍ਰਮਾਤਮਾ ਦੀ ਗੱਲ ਕਹਿ ਕੇ ਨਵੇਂ ਧਰਮ ਦੀ ਨੀਂਹ ਰੱਖੀ ਜੋ ਕੁਦਰਤ 'ਚੋਂ ਕਾਦਰ ਦੀ ਭਾਲ ਕਰਦਾ ਹੈ ਜਿਵੇਂ ਕੁਦਰਤ ਵਿਭਿੰਨਤਾ ਸਿਰਜਣਾਤਮਕਤਾ ਅਤੇ ਵਿਵਸਥਾ 'ਚ ਵਿਚਰਦੀ ਹੈ ਉਵੇਂ ਦਾ ਹੀ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਰੂਪ ਸਿਰਜਿਆ ਹੈ।

ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ, ਸਕੱਤਰ ਜਨਰਲ, ਪੰਜਾਬ ਕਲਾ ਪਰਿਸ਼ਦ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਡਾ. ਰਮਿੰਦਰ ਕੌਰ, ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਲ ਹੋਏ। ਇਸ ਸੈਸ਼ਨ 'ਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਜਸਵੰਤ ਸਿੰਘ ਜ਼ਫ਼ਰ ਨੇ ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰਾਂ ਵਿਸ਼ੇ 'ਤੇ ਆਪਣਾ ਪੇਪਰ ਪੇਸ਼ ਕੀਤਾ ਜਦਕਿ ਖੋਜੀ ਅਤੇ ਸਿੱਖ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਪਾਤਸ਼ਾਹ :1969 ਤੋਂ ਅੱਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਵਿਚ ਪ੍ਰੋ: ਕੰਵਲਜੀਤ ਸਿੰਘ, ਡਾ. ਈਸ਼ਵਰ ਦਿਆਲ ਗੌੜ, ਡਾ. ਅਮਨਪ੍ਰੀਤ ਸਿੰਘ ਅਤੇ ਡਾ. ਅਮਰਜੀਤ ਸਿੰਘ ਨੇ ਬਾਬੇ ਨਾਨਕ ਦੀ ਬਾਣੀ ਬਾਰੇ ਵੱਖ ਵੱਖ ਵਿਸ਼ਿਆਂ 'ਤੇ ਪੇਪਰ ਪੇਸ਼ ਕੀਤੇ।

ਮੁੱਖ ਮਹਿਮਾਨ ਡਾ. ਰਮਿੰਦਰ ਕੌਰ ਨੇ ਪੇਪਰ ਪੇਸ਼ ਕਰਨ ਵਾਲੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਵਿਚਲੀ ਗੁਰੂ ਨਾਨਕ ਸਾਹਿਬ ਦੀ ਨਿਮਾਣੇ ਅਤੇ ਨਿਤਾਣੇ ਦੇ ਹਿੱਤ ਵਿਚ ਖੜਨ ਵਾਲੀ ਸੁਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜਾਬਰ ਅਤੇ ਜ਼ੁਲਮ ਖ਼ਿਲਾਫ਼ ਲੜਨ ਵਾਲੇ ਨਿਧੱੜਕ ਯੋਧਾ ਸਨ। ਉਨ੍ਹਾਂ ਨੇ ਗਰੀਬਾਂ ਦੀ ਕਿਰਤ ਲੁੱਟਣ ਵਾਲੀਆਂ ਰਵਾਇਤੀ ਰਸਮਾਂ ਰੀਤਾਂ ਦਾ ਆਪਣੇ ਜੀਵਨ ਅਤੇ ਬਾਣੀ 'ਚ ਸਪੱਸ਼ਟ ਵਿਰੋਧ ਕੀਤਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਗੁਰੂ ਸਾਹਿਬ ਇਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੇ ਹੀ ਗੁਰੂ ਨਹੀਂ ਸਨ ਉਹ ਜਗਤ-ਗੁਰੂ ਸਨ ਤੇ ਉਨ੍ਹਾਂ ਦੀ ਇਸ ਵਿਸ਼ਵ-ਵਿਆਪੀ ਸੋਚ ਨੂੰ ਉਭਾਰਨ ਦੀ ਇਸ ਸਮੇਂ ਸਖਤ ਲੋੜ ਹੈ।

ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ 'ਚ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਭੁਪਿੰਦਰ ਸਿੰਘ, ਡਾ. ਅਮਨਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਕੁਲਦੀਪ ਸਿੰਘ , ਡਾ. ਹੀਰਾ ਸਿੰਘ, ਡਾ. ਚਿਰਜੀਵਨ ਕੌਰ ਅਤੇ ਪ੍ਰੋ. ਬਲਜਿੰਦਰ ਸਿੰਘ ਨੇ ਗੁਰੂ ਨਾਨਕ ਬਾਣੀ ਦੇ ਬਹੁ-ਸੱਭਿਆਚਾਰਕ ਪ੍ਰਵਚਨ ਬਾਰੇ ਆਪੋ ਆਪਣੇ ਖੋਜ ਭਰਪੂਰ ਪੇਪਰ ਪੇਸ਼ ਕੀਤੇ। ਸੈਮੀਨਾਰ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਸੈਮੀਨਾਰ ਦੇ ਅਖ਼ੀਰ ਤੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਭੁਪਿੰਦਰ ਸਿੰਘ ਨੇ ਸੈਮੀਨਾਰ 'ਤੇ ਆਏ ਸਭ ਵਿਦਵਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਡੀਨ ਭਾਸ਼ਾਵਾਂ ਡਾ. ਸੁਖਮੀਨ ਬੇਦੀ, ਡਾ. ਦਲਜੀਤ ਸਿੰਘ, ਡਾ. ਅਵਤਾਰ ਸਿੰਘ, ਪ੍ਰੋ: ਡਾ. ਭੁਪਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਪਵਨ ਕੁਮਾਰ, ਪ੍ਰੋ. ਗੁਰਸ਼ਰਨ ਸਿੰਘ, ਡਾ. ਰਾਜਬੀਰ ਕੌਰ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਰਜਨੀਸ਼ ਕੌਰ, ਪ੍ਰੋ. ਅੰਮਿ੍ਤਪਾਲ ਕੌਰ, ਡਾ. ਪਰਮਿੰਦਰਜੀਤ ਕੌਰ ਆਦਿ ਹਾਜ਼ਰ ਸਨ।