ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਭਾਰਤੀ ਪੰਜਾਬ ਵਿਚ ਗੁਰਬੱਤ ਭਰੀ ਜ਼ਿੰਦਗੀ ਬਤੀਤ ਕਰਦਿਆਂ ਭਰ ਜਵਾਨੀ ਵਿੱਚ ਇੱਥੋਂ ਵਿਦੇਸ਼ੀ ਧਰਤੀ 'ਤੇ ਜਾ ਕੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਓਟ ਆਸਰੇ ਨਾਲ ਬੁਲੰਦੀਆਂ ਨੂੰ ਅੱਜ ਛੂਹਣ ਵਾਲੇ ਭਾਰਤੀ ਮੂਲ ਦੇ ਪੰਜਾਬੀ ਸ. ਗੁਰਬਚਨ ਸਿੰਘ ਬਨਵੈਤ ਨੂੰ ਨਿਊਯਾਰਕ ਦਿ ਰਾਇਲ ਯੂਨੀਵਰਸਿਟੀ ਨੇ ਪੀਐੱਚਡੀ ਦੀ ਡਿਗਰੀ ਦਿੱਤੀ ਹੈ। ਫ਼ਿਲਾਸਫ਼ੀ ਦੀ ਪੀਐੱਚਡੀ ਮਿਲਣ 'ਤੇ ਗੁਰਬਚਨ ਸਿੰਘ ਬਨਵੈਤ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹ ਡਿਗਰੀ ਹਾਸਲ ਕਰਨ ਲਈ ਉਨ੍ਹਾਂ ਦੇ ਪਾਕਿਸਤਾਨੀ ਮੂਲ ਦੇ ਵਕੀਲ ਦੋਸਤ ਜੋ ਲਾਹੌਰ ਵਿਚ ਰਹਿੰਦੇ ਹਨ, ਵੱਲੋਂ ਅਮਰੀਕਾ ਦੀ ਨਿਊਯਾਰਕ ਇਸ ਯੂਨੀਵਰਸਿਟੀ ਵਿਖੇ ਇਸ ਡਿਗਰੀ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਉਹ ਹੈਰਾਨ ਹੋ ਗਏ ਕਿ ਉਨ੍ਹਾਂ ਨੂੰ ਇੰਨੀ ਵੱਡੀ ਯੂਨੀਵਰਸਿਟੀ ਵਿੱਚੋਂ ਇੰਨੀ ਵੱਡੀ ਡਿਗਰੀ ਹਾਸਲ ਹੋਣੀ ਬਹੁਤ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੀ ਇਹ ਸੋਚਿਆ ਨਹੀਂ ਸੀ ਕਿ ਉਹ ਇਕ ਗ਼ਰੀਬ ਘਰ ਵਿੱਚ ਪੈਦਾ ਹੋ ਕੇ ਜਿਨ੍ਹਾਂ ਦੇ ਪੈਰੀਂ ਉਸ ਸਮੇਂ ਚੱਪਲਾਂ ਵੀ ਨਹੀਂ ਸਨ, ਉਨ੍ਹਾਂ ਨੂੰ ਏਡਾ ਵੱਡਾ ਮਾਣ ਮਿਲਣਾ ਗੁਰੂ ਦੀ ਬਖਸ਼ਿਸ਼ ਹੈ।

ਉਨ੍ਹਾਂ ਦੱਸਿਆ ਕਿ ਇਹ ਡਿਗਰੀ ਦੇਣ ਮੌਕੇ ਰਾਇਲ ਯੂਨੀਵਰਸਿਟੀ ਨਿਊਯਾਰਕ ਅਮਰੀਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਡਿਗਰੀ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਦੇ ਅਠੱਤਰ ਸਾਲ ਦੀ ਉਮਰ ਵਿਚ ਭਾਰਤ ਪਾਕਿਸਤਾਨ ਤੋਂ ਇਲਾਵਾ ਕੈਨੇਡਾ ਦੇਸ਼ ਵਿਚ ਬਾਖ਼ੂਬੀ ਲੋਕਾਂ ਦੀ ਹਰ ਖੇਤਰ ਵਿੱਚ ਕੀਤੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਮਾਣ ਸਨਮਾਨ ਬਖਸ਼ਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਡਿਗਰੀ ਹਾਸਲ ਕਰਨ ਲਈ ਜਦ ਉਨ੍ਹਾਂ ਨੂੰ ਨਿਊਯਾਰਕ ਯੂਨੀਵਰਸਿਟੀ ਤੋਂ ਫੋਨ ਆਇਆ ਤਾਂ ਉਨ੍ਹਾਂ ਸਮਝਿਆ ਕਿ ਉਨ੍ਹਾਂ ਨਾਲ ਕੋਈ ਫਰਾਡ ਜਾਂ ਧੋਖਾ ਹੋ ਰਿਹਾ ਹੈ ਕਿ ਇਹੋ ਜਿਹੇ ਇਕ ਸਿੱਖ ਨੂੰ ਵੱਡੀ ਪੀਐੱਚਡੀ ਦੀ ਫਿਲਾਸਫੀ ਦੀ ਡਿਗਰੀ ਕਿਵੇਂ ਹਾਸਲ ਹੋ ਸਕਦੀ ਹੈ। ਉਹ ਉਨ੍ਹਾਂ ਲਈ ਇੱਕ ਸੁਪਨੇ ਵਾਲੀ ਗੱਲ ਸੀ ਜੋ ਸੱਚ ਹੋ ਗਈ। ਰਾਇਲ ਯੂਨੀਵਰਸਿਟੀ ਅਮਰੀਕਾ ਤੋਂ ਇਹ ਡਿਗਰੀ ਹਾਸਲ ਕਰਨ ਉਪਰੰਤ ਬਨਵੈਤ ਪਰਿਵਾਰ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

Posted By: Jagjit Singh