Punjab news ਅੰਮ੍ਰਿਤਪਾਲ; ਸਿੰਘ, ਅੰਮ੍ਰਿਤਸਰ : ਪੰਜਾਬ 'ਚ ਜਿੱਥੇ ਇਤਿਹਾਸਕ ਗੁਰਦੁਆਰਿਆਂ 'ਚ ਸੰਗਤਾਂ ਗੁਰਪੁਰਬ, ਮੇਲੇ, ਮੱਸਿਆ, ਸੰਗਰਾਂਦ ’ਤੇ ਆਮ ਦਿਨਾਂ 'ਚ ਪਰਿਵਾਰਾਂ ਸਮੇਤ ਨਤਮਸਤਕ ਹੋਣ ਪਹੁੰਚਦੀਆਂ ਹਨ। ਗੁਰੂ ਘਰਾਂ 'ਚ ਆਉਣ ਵਾਲੀਆਂ ਸੰਗਤਾਂ ਗੁਰੂ ਦੀ ਯਾਦ 'ਚ ਜਿਥੇ ਸਿੱਖੀ ਨਾਲ ਜੁੜੇ ਧਾਰਮਿਕ ਚਿੰਨ੍ਹ ਆਪਣੇ ਨਾਲ ਲੈ ਕੇ ਜਾਂਦੀਆਂ ਹਨ, ਉਥੇ ਹੀ ਰਿਸ਼ਤੇਦਾਰਾਂ ਤੇ ਸਕੇ-ਸਬੰਧੀਆਂ ਲਈ ਵੀ ਧਾਰਮਿਕ ਵਸਤਾਂ ਲੈ ਕੇ ਜਾਂਦੇ ਹਨ। ਲੰਮੇਂ ਸਮੇਂ ਤੋਂ ਪੰਜਾਬ ਦੀ ਧਾਰਮਿਕ ਚਿੰਨ੍ਹਾਂ ਨੂੰ ਤਿਆਰ ਕਰਨ ਵਾਲੀ ਸਨਅਤ ਦੀ ਪਕੜ ਕਮਜ਼ੋਰ ਹੋ ਰਹੀ ਹੈ, ਨਾਲ ਹੀ ਇਸ ਸਨਅਤ ਨੂੰ ਗੁਜਰਾਤ ਦੇ ਰਾਏ ਕੋਟ ਦੇ ਕੁਝ ਕੁ ਘਰਾਣਿਆਂ ਨੇ ਸੰਭਾਲ ਲਿਆ ਲਗਦਾ ਹੈ।

ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਭਿੰਡਰ ਕਲਾਂ, ਰਤੋਵਾਲ, ਸੁਭਰਾਅ (ਪੱਟੀ) ਦੇ ਨਾਲ ਨਾਲ ਪਟਿਆਲਾ ਵਿਖੇ ਤਿਆਰ ਕੀਤੀਆਂ ਜਾਂਦੀਆਂ ਇਨ੍ਹਾਂ ਧਾਰਮਿਕ ਵਸਤਾਂ ’ਤੇ ਹੁਣ ਗੁਜਰਾਤ ਦੀ ਮਾਰਕੀਟ ਨੇ ਪੰਜਾਬ ਦੇ ਇਸ ਕਿੱਤੇ ’ਤੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗੁਜਰਾਤ ਦੇ ਸ਼ਹਿਰ ਸੂਰਤ ਦੇ ਰਾਏਕੋਟ 'ਚ ਕੁਝ ਸਾਲ ਪਹਿਲਾਂ ਪਾਣੀ ਵਾਲੇ ਨਲਕੇ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਰਪਾਨ ਉਦਯੋਗ 'ਚ ਹੱਥ ਅਜ਼ਮਾਉਣੇ ਸ਼ੁਰੂ ਕੀਤੇ। ਇਨ੍ਹਾਂ ਗੁਜਰਾਤੀ ਕਿਰਪਾਨਾਂ ਦੀ ਕੁਆਲਿਟੀ ਪੰਜਾਬ ਦੀਆਂ ਕਿਰਪਾਨਾਂ ਨਾਲੋਂ ਬਹੁਤ ਬਿਹਤਰ ਹੋਣ ਕਾਰਨ ਇਹ ਕਿਰਪਾਨਾਂ ਤੇਜ਼ੀ ਨਾਲ ਪੰਜਾਬੀਆਂ ਖਾਸਕਰ ਸਿੱਖਾਂ ਦੀ ਪਸੰਦ ਬਣਦੀਆਂ ਜਾ ਰਹੀਆਂ ਹਨ। ਗੁਜਰਾਤ ਦੀਆਂ ਕਿਰਪਾਨਾਂ 4 ਇੰਚ ਤੋਂ ਲੈ ਕੇ 18 ਇੰਚ ਤਕ ਹਨ ਤੇ ਚੰਗੀ ਦਿੱਖ, ਟਿਕਾਊ ਤੇ ਵਾਜਿਬ ਰੇਟ 'ਚ ਹਨ। ਇਨ੍ਹਾਂ ਕਿਰਪਾਨਾਂ ਦੀਆਂ ਮਿਆਨਾਂ 'ਚ ਲਗੇ ਪਲਾਸਟਿਕ ਦੇ ਸਟਾਪਰ ਕਿਰਪਾਨ ਦੀ ਸੁਰੱਖਿਆ ਬਣਾਉਂਦੇ ਹਨ।

ਧਾਰਮਿਕ ਸਾਮਾਨ ਵੇਚਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਡਨ ਪਲਾਜ਼ਾ ਮਾਰਕਿਟ 'ਚ ਦੁਕਾਨਦਾਰ ਦਵਿੰਦਰਪਾਲ ਸਿੰਘ ਨੇ ਦਸਿਆ ਕਿ ਗੁਜਰਾਤ ਤੋਂ ਕਿਰਪਾਨਾਂ ਦੇ ਨਾਲ-ਨਾਲ ਡਿਜ਼ਾਈਨਰ ਤਸਵੀਰਾਂ, ਸਜਾਵਟ ਲਈ ਖੰਡੇ ਤੇ ੴ ਤਿਆਰ ਹੋ ਕੇ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਵਿਚ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਾਮਾਨ ਦੀ ਕੀਮਤ ਪੰਜਾਬ ’ਚ ਬਣੇ ਸਾਮਾਨ ਦੀ ਕੀਮਤ ਨਾਲੋਂ ਘੱਟ ਹੈ ਤੇ ਇਹ ਵਧੇਰੇ ਟਿਕਾਊ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ 'ਚ ਜਾ ਕੇ ਵਸਣ ਦੀ ਚਾਹਤ ਨੇ ਪੰਜਾਬ ਦੇ ਕਈ ਕਾਰੋਬਾਰ ਬੰਦ ਕਰ ਦਿੱਤੇ ਹਨ। ਇਸ ਕਾਰਨ ਪੰਜਾਬ ਆਰਥਿਕ ਤੌਰ ’ਤੇ ਕਮਜੋਰ ਹੋ ਰਿਹਾ ਹੈ। ਇਕ ਜ਼ਮਾਨਾ ਸੀ ਜਦ ਪੂਰੇ ਦੇਸ਼ ਦੀ ਧਾਰਮਿਕ ਵਪਾਰ ਇੰਡਸਟਰੀ ਦਾ ਵੱਡਾ ਹਿੱਸਾ ਪੰਜਾਬ ’ਤੇ ਨਿਰਭਰ ਸੀ। ਪਰ ਸਮੇਂ ਦੇ ਚੱਕਰ ਨੇ ਪੰਜਾਬ ਤੋਂ ਇਹ ਸਨਮਾਨ ਖੋਹ ਲਿਆ ਤੇ ਅੱਜ ਪੰਜਾਬ ਦਾ ਨਾਮ ਧਾਰਮਿਕ ਵਪਾਰ 'ਚ ਲਗਭਗ ਪਛੜ ਕੇ ਰਹਿ ਗਿਆ ਹੈ। ਕਦੇ ਪੰਜਾਬ ਦੀ ਧਾਰਮਿਕ ਇੰਡਸਟਰੀ ’ਚ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦਾ ਨਾਂ ਬੜੇ ਫਖ਼ਰ ਨਾਲ ਲਿਆ ਜਾਂਦਾ ਸੀ। ਅੰਮ੍ਰਿਤਸਰ 'ਚ ਸਿੱਖ ਧਰਮ ਨਾਲ ਸੰਬਧਤ ਸਾਮਾਨ ਖਾਸਕਰ ਕੰਘੇ, ਕੜੇ, ਕਿਰਪਾਨਾ, ਚਵਰ, ਰੁਮਾਲੇ, ਚੰਦੋਏ ਆਦਿ ਦਾ ਨਿਰਮਾਣ ਵਡੇ ਪੱਧਰ ’ਤੇ ਹੁੰਦਾ ਸੀ।

ਹੌਲੀ-ਹੌਲੀ ਪੰਜਾਬੀ ਨੌਜਵਾਨਾਂ ਦੀ ਕਿੱਤੇ ਪ੍ਰਤੀ ਦਿਲਚਸਪੀ ਨਾ ਦਿਖਾਉਣ ਕਾਰਨ ਕਈ ਵਪਾਰ ਕੁਝ ਘਰਾਂ ਤਕ ਸੀਮਤ ਰਹਿ ਗਏ। ਅੰਮ੍ਰਿਤਸਰ ਦੇ ਕੰਘਾ ਉਦਯੋਗ ਦੀ ਹਾਲਤ ਵੀ ਅਜਿਹੀ ਹੀ ਹੋ ਗਈ ਤੇ ਇਹ ਉਦਯੋਗ ਸੁੰਗੜ ਕੇ ਰਹਿ ਗਿਆ, ਕੜਾ ਉਦਯੋਗ ਕੁਝ ਕੁ ਜ਼ਿੰਦਾ ਤਾਂ ਹੈ, ਪਰ ਔਖੇ ਸਾਹ ਲੈ ਰਿਹਾ ਹੈ ਤੇ ਕਿਰਪਾਨ ਉਦਯੋਗ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ। ਅੰਮ੍ਰਿਤਸਰ ਦੇ ਕਿਰਪਾਨ ਉਦਯੋਗ ਨੂੰ ਪਹਿਲਾਂ ਸਰਕਾਰੀ ਨੀਤੀਆਂ ਦੀ ਮਾਰ ਪਈ, ਫਿਰ ਚੀਨ ਦੀਆਂ ਬਣੀਆਂ ਕਿਰਪਾਨਾਂ ਨੇ ਮਾਰਕੀਟ 'ਚ ਕੰਮ ਕਰਦੇ ਅੰਮ੍ਰਿਤਸਰ ਦੇ ਕਾਰੀਗਰਾਂ ਨੂੰ ਵਿਹਲੇ ਕਰਨ 'ਚ ਅਹਿਮ ਰੋਲ ਅਦਾ ਕੀਤਾ ਤੇ ਰਹਿੰਦੀ ਕਸਰ ਗੁਜਰਾਤ 'ਚ ਤੇਜ਼ੀ ਨਾਲ ਉਭਰ ਰਹੇ ਕਿਰਪਾਨ ਉਦਯੋਗ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪੰਜਾਬ ਦੀ ਧਾਰਮਿਕ ਇੰਡਸਟਰੀ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ।

Posted By: Sarabjeet Kaur