ਜੇਐੱਨਐੱਨ, ਅੰਮਿ੍ਤਸਰ : ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਦੀ ਜ਼ਿੰਮੇਵਾਰੀ ਹੁਣ ਸਿੱਧੇ ਰੂਪ ਨਾਲ ਗੁਰੂ ਨਗਰੀ ਦੇ ਲੋਕਾਂ 'ਤੇ ਹੀ ਹੈ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰੋਬਾਰੀਆਂ ਦੀ ਅਪੀਲ 'ਤੇ ਸੋਮਵਾਰ ਤੋਂ 50 ਫ਼ੀਸਦੀ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਸੋਮਵਾਰ ਨੂੰ ਮਾਰਕੀਟ ਦੀ ਐਂਟਰੀ ਵੱਲੋਂ ਖੱਬੇ ਪਾਸੇ ਆਉਣ ਵਾਲੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਇਸ ਤੋਂ ਬਾਅਦ ਮੰਗਲਵਾਰ ਨੂੰ ਸੱਜੇ ਪਾਸੇ ਦੀਆਂ ਦੁਕਾਨਾਂ ਦੀ ਵਾਰੀ ਹੋਵੇਗੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਖ਼ਤੀ ਨਾਲ ਆਦੇਸ਼ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਦੁਕਾਨਦਾਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਸਰਕਾਰ ਵੱਲੋਂ ਜਾਰੀ ਕੀਤੀ ਗਈ ਗਾਈਡ ਲਾਈਨ ਦੀ ਉਲੰਘਣਾ ਕੀਤੀ ਤਾਂ ਦੁਕਾਨਦਾਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਵਿਚ ਕਿਸੇ ਤਰ੍ਹਾਂ ਦਾ ਗੁਰੇਜ਼ ਨਹੀਂ ਕੀਤਾ ਜਾਵੇਗਾ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਹਰ ਇਕ ਥਾਣਾ ਇੰਚਾਰਜ ਸਾਰਾ ਦਿਨ ਫੀਲਡ ਵਿਚ ਰਹਿ ਕੇ ਉਨ੍ਹਾਂ ਨੂੰ ਸਾਰੀ ਰਿਪੋਰਟ ਕਰਨਗੇ।

ਦਿਹਾਤੀ ਤੇ ਸ਼ਹਿਰੀ ਇਲਾਕਿਆਂ 'ਚ ਇਨ੍ਹਾਂ ਅਫ਼ਸਰਾਂ ਦੀ ਰਹੇਗੀ ਜ਼ਿੰਮੇਵਾਰੀ

ਅੰਮਿ੍ਤਸਰ ਦਿਹਾਤੀ ਵਿਚ ਏਡੀਸੀ ਰਣਬੀਰ ਸਿੰਘ ਮੂਧਲ, ਐੱਸਪੀ (ਐੱਚ) ਅਮਨਦੀਪ ਕੌਰ ਆਪਣੇ ਇਲਾਕਿਆਂ 'ਤੇ ਨਜ਼ਰ ਰੱਖਣਗੇ। ਇਸੇ ਤਰ੍ਹਾਂ ਸ਼ਹਿਰ 'ਚ ਏਡੀਸੀ ਹਿਮਾਂਸ਼ੂ ਅਗਰਵਾਲ, ਡੀਸੀਪੀ ਪਰਮਿੰਦਰ ਸਿੰਘ ਭੰਡਾਲ ਸਾਰਾ ਦਿਨ ਦੁਕਾਨਦਾਰਾਂ ਤੋਂ ਅਪਡੇਟ ਲੈਂਦੇ ਰਹਿਣਗੇ। ਦੱਸਣਯੋਗ ਹੈ ਕਿ ਅੰਮਿ੍ਤਸਰ ਕਮਿਸ਼ਰਨਰੇਟ ਦੇ 20 ਥਾਣਾ ਇੰਚਾਰਜਾਂ ਅਤੇ ਅੰਮਿ੍ਤਸਰ ਦਿਹਾਤੀ ਦੇ 17 ਥਾਣਾ ਇੰਚਾਰਜਾਂ ਨੂੰ ਅਲਰਟ ਰਹਿਣ ਦਾ ਆਦੇਸ਼ ਜਾਰੀ ਕੀਤਾ ਜਾ ਚੁੱਕਿਆ ਹੈ। ਉਕਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਸਾਢੇ ਚਾਰ ਹਜਾਰ ਤੋਂ ਜ਼ਿਆਦਾ ਨਫਰੀ ਨੂੰ ਸੜਕਾਂ ਤੇ ਬਾਜ਼ਾਰਾਂ ਵਿਚ ਤਾਇਨਾਤ ਕੀਤਾ ਜਾਵੇਗਾ।

ਬਾਕਸ . . .

ਜੇਕਰ ਇਕ ਸਾਈਡ ਹਨ ਦੁਕਾਨਾਂ ਤਾਂ ਖੁੱਲ੍ਹਗੀਆਂ ਪੰਜਾਹ ਫੀਸਦੀ

ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਜੇਕਰ ਕਿਸੇ ਬਜ਼ਾਰ ਜਾਂ ਸੜਕ 'ਤੇ ਇਕ ਤਰਫ ਹੀ ਦੁਕਾਨਾਂ ਹਨ ਤਾਂ ਉੱਥੇ ਕਸ਼ਮਕਸ਼ ਦੀ ਹਾਲਤ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ। ਉਕਤ ਸਥਾਨਾਂ 'ਤੇ ਵੀ ਦੁਕਾਨਾਂ ਪੰਜਾਹ ਫੀਸਦੀ ਹੀ ਖੁੱਲ ਸਕਣਗੀਆਂ। ਵੈਸੇ ਵੀ ਸ਼ਹਿਰ ਦੇ ਅਹਿਮ ਬਾਜ਼ਾਰਾਂ ਵਿਚ ਹਰ ਚੀਜ ਉਪਲੱਬਧ ਹੈ। ਅਜਿਹੇ ਵਿਚ ਜੇਕਰ ਇਕ ਸਾਈਡ ਇਕ ਦਿਨ ਵੀ ਖੁਲਦੀ ਹੈ ਤਾਂ ਉਪਭੋਗਤਾਵਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ, ਕਿਉਂਕਿ ਹਰ ਮਾਰਕੀਟ ਵਿਚ ਹਰ ਸਮਾਨ ਦੋਵੇਂ ਤਰਫ ਉਪਲੱਬਧ ਰਹਿੰਦਾ ਹੈ।

ਬਾਕਸ . . .

ਐਤਵਾਰ ਨੂੰ ਰਿਹਾ ਸੰਪੂਰਨ ਬੰਦ

ਉੱਧਰ, ਕੋਰੋਨਾ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਵੱਲੋਂ ਲਗਾਏ ਗਏ ਕਰਫਿਊ ਐਂਡ ਲਾਕਡਾਊਨ ਦਾ ਸ਼ਹਿਰ ਦੇ ਲੋਕਾਂ ਨੇ ਪੂਰੀ ਤਰ੍ਹਾਂ ਸਮਰਥਨ ਕੀਤਾ। ਸ਼ਹਿਰ ਦੇ ਦੁਕਾਨਦਾਰਾਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੀ ਦੁਕਾਨਾਂ ਅਤੇ ਸੰਸਥਾਨ ਬੰਦ ਰੱਖੇ। ਹਾਲਾਕਿ ਆਵਾਜਾਈ ਦਿਨ ਭਰ ਚੱਲਦੀ ਰਹੀ। ਲੇਕਿਨ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਜਾਮ ਜਾਂ ਭੀੜ ਦੇ ਹਾਲਾਤ ਨਹੀਂ ਬਣ ਸਕੇ। ਪੁਲਿਸ ਐਤਵਾਰ ਦੀ ਸ਼ਾਮ ਬਿਨਾਂ ਮਾਸਕ ਦੇ ਘੁੰਮਣ ਵਾਲੇ 33 ਲੋਕਾਂ ਦੇ ਚਲਾਨ ਕੱਟੇ ਅਤੇ ਦੁਕਾਨਾਂ ਖੋਲ੍ਹ ਕੇ ਸਾਮਾਨ ਵੇਚਣ ਵਾਲੇ 12 ਲੋਕਾਂ 'ਤੇ ਪਰਚੇ ਵੀ ਦਰਜ ਕੀਤੇ।