ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਲਗਾਏ ਗਏ ਜੀਐੱਸਟੀ ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਇਨ੍ਹਾਂ ਸਰਾਵਾਂ ’ਤੇ ਹੁਣ ਜੀਐੱਸਟੀ ਨਹੀਂ ਲੱਗੇਗਾ।

ਬੀਤੇ ਦਿਨੀਂ ਜੀਐਸਟੀ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਸਰਾਵਾਂ ’ਤੇ ਜੀਐੱਸਟੀ ਲਗਾ ਦਿੱਤਾ ਗਿਆ ਸੀ। ਜੀਐੱਸਟੀ ਲੱਗਦਿਆਂ ਹੀ ਸਿੱਖ ਸੰਗਤ ਤੇਜ ਜਥੇਬੰਦੀਆਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਬੀਤੇ ਦਿਨੀਂ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰ ਕੇ ਇਹ ਮਾਮਲਾ ਚੁੱਕਿਆ ਸੀ। ਰਾਘਵ ਚੱਢਾ ਨੇ ਗੁਰੂ ਘਰ ਦੀਆਂ ਸਰਾਵਾਂ ’ਤੇ ਜੀਐੱਸਟੀ ਲਗਾਉਣ ਨੂੰ ਮੁਗਲ ਸਰਕਾਰ ਦੇ ਜਜ਼ੀਆ ਟੈਕਸ ਵਰਗਾ ਹੁਕਮ ਦੱਸਿਆ ਸੀ। ਸੰਗਤ ਤੇ ਸਿਆਸੀ ਵਿਰੋਧੀਆਂ ਦੇ ਦਬਾਅ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਗੁਰੂ ਘਰ ਦੀਆਂ ਸਰਾਵਾਂ ’ਤੇ ਜੀਐਸਟੀ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ।

ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਿੰਨ ਸਰਾਵਾਂ ਗੁਰੂ ਗੋਬਿੰਦ ਸਿੰਘ ਐੱਨਆਰਆਈ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਤੇ ਮਾਤਾ ਭਾਗ ਕੌਰ ਨਿਵਾਸ ’ਤੇ ਜੀਐੱਸਟੀ ਲਗਾਏ ਜਾਣ ਤੋਂ ਬਾਅਦ 18 ਜੁਲਾਈ 2022 ਤੋਂ ਸੰਗਤ ਪਾਸੋਂ ਕਮਰੇ ਦੇ ਕਿਰਾਏ ਦੇ ਨਾਲ 12 ਪ੍ਰਤੀਸ਼ਤ ਜੀਐੱਸਟੀ ਵਸੂਲਿਆ ਜਾ ਰਿਹਾ ਸੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਦੇਸ਼ ਦਿੱਤਾ ਹੈ ਕਿ ਸਰਾਂ ’ਚ ਠਹਿਰਣ ਵਾਲੇ ਯਾਤਰੂ ਪਾਸੋਂ ਕਮਰੇ ਦੇ ਕਿਰਾਏ ਨਾਲ ਜੀਐੱਸਟੀ ਨਾ ਲਿਆ ਜਾਵੇ। ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ 18 ਜੁਲਾਈ 2022 ਤੋਂ ਜੀਐੱਸਟੀ ਲਿਆ ਜਾ ਰਿਹਾ ਸੀ ਪਰ ਹੁਣ ਇਨ੍ਹਾਂ ਸਰਾਵਾਂ ਨੂੰ ਜੀਐੱਸਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

Posted By: Tejinder Thind