ਆਰਟ ਗੈਲਰੀ 'ਚ 90ਵੀਂ ਆਲ ਇੰਡੀਆ ਕਲਾ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਠਾਕੁਰ ਸਿੰਘ ਆਰਟ ਗੈਲਰੀ ਵਿਖੇ 90 ਵੀਂ ਆਲ ਇੰਡੀਆ ਕਲਾ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ ਮੁੱਖ ਮਹਿਮਾਨ ਤਰੁਣ ਚੁੱਘ ਵੱਲੋਂ ਕੀਤਾ ਗਿਆ।
Publish Date: Wed, 12 Nov 2025 05:00 PM (IST)
Updated Date: Wed, 12 Nov 2025 05:01 PM (IST)

571 ਕਲਾ ਦੇ ਨਮੂਨੇ ਕਲਾ ਪ੍ਰਦਰਸ਼ਨੀ ਦਾ ਸ਼ਿੰਗਾਰ ਬਣੇ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਠਾਕੁਰ ਸਿੰਘ ਆਰਟ ਗੈਲਰੀ ਵਿਖੇ 90 ਵੀਂ ਆਲ ਇੰਡੀਆ ਕਲਾ ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ ਮੁੱਖ ਮਹਿਮਾਨ ਤਰੁਣ ਚੁੱਘ ਵੱਲੋਂ ਕੀਤਾ ਗਿਆ। ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ, ਚੇਅਰਮੈਨ ਸ਼ਿਵਦੇਵ ਸਿੰਘ ਤੇ ਜਨਰਲ ਸਕੱਤਰ ਡਾ. ਪੀਐਸ ਗਰੋਵਰ ਤੋਂ ਇਲਾਵਾ ਕਨਵੀਨਰ ਨਰਿੰਦਰ ਸਿੰਘ ਬੁੱਤਤਰਾਸ਼ ਤੇ ਸਮੂਹ ਪ੍ਰਬੰਧਕੀ ਟੀਮ ਵਲੋਂ ਮੁੱਖ ਮਹਿਮਾਨ ਤਰੁਣ ਚੁੱਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਕਲਾ ਪ੍ਰਦਰਸ਼ਨੀ ਵਿਚ ਦੇਸ਼ ਭਰ ਦੇ ਨਾਮਵਰ ਕਲਾਕਾਰਾਂ ਵਲੋਂ ਕਲਾ ਦੇ ਵੱਖ- ਵੱਖ ਨਮੂਨੇ ਕਲਾ ਪ੍ਰੇਮੀਆਂ ਦੇ ਰੂਬਰੂ ਕੀਤੇ ਗਏ। ਇਸ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਪ੍ਰਸਿੱਧ ਬੁੱਤਤਰਾਸ਼ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨਾਮਵਰ ਕਲਾਕਾਰਾਂ ਵਲੋਂ 1119 ਕਲਾ ਵਰਕ ਭੇਜੇ ਗਏ ਸਨ ਜਿਨ੍ਹਾਂ ਵਿਚੋਂ 571 ਕਲਾ ਦੇ ਨਮੂਨੇ ਇਸ ਪ੍ਰਦਰਸ਼ਨੀ ਦਾ ਸ਼ਿੰਗਾਰ ਬਣੇ ਹਨ। ਨਰਿੰਦਰ ਸਿੰਘ ਨੇ ਦੱਸਿਆ 90 ਵਰਿਆਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜ ਸੈਂਕੜੇ ਤੋਂ ਉੱਪਰ ਕਲਾ ਵਰਕ ਆਲ ਇੰਡੀਆ ਕਲਾ ਪ੍ਰਦਰਸ਼ਨੀ ਚ ਪਹੁੰਚਿਆ ਹੈ। ਇਸ ਪ੍ਰਦਰਸ਼ਨੀ ਵਿਚ ਪੇਂਟਿੰਗ, ਡਰਾਇੰਗ, ਗ੍ਰਾਫ਼ਿਕਸ ਆਰਟ, ਡਿਜੀਟਲ ਆਰਟ, ਸਕਲਪਚਰ ਅਤੇ ਫੋਟੋਗ੍ਰਾਫੀ ਨਾਲ ਸਬੰਧਤ ਕਲਾ ਦੇ ਨਮੂਨੇ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇ ਹਨ। ਮੁੱਖ ਮਹਿਮਾਨ ਤਰੁਣ ਚੁੱਘ ਨੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਸਮੂਹ ਪ੍ਰਬੰਧਕੀ ਟੀਮ ਨਾਲ ਕਲਾ ਪ੍ਰਦਰਸ਼ਨੀ ਨੂੰ ਨੇੜਿਓਂ ਹੋ ਕੇ ਨਿਹਾਰਿਆ ਤੇ ਵਧੀਆ ਕਲਾ ਵਰਕ ਕਰਨ ਵਾਲੇ ਕਲਾਕਾਰਾਂ ਦੀ ਪਿੱਠ ਥਾਪੜ ਕੇ ਉਨ੍ਹਾਂ ਦਾ ਕਲਾ ਸਬੰਧੀ ਹੋਰ ਉਤਸ਼ਾਹ ਵਧਾਇਆ। ਕਲਾ ਪ੍ਰਦਰਸ਼ਨੀ ਚ ਟੋਟਲ 3 ਲੱਖ 59 ਹਜ਼ਾਰ ਦੇ ਨਗਦ ਇਨਾਮ 24 ਕਲਾਕਾਰਾਂ ਨੂੰ ਵੱਡੇ ਗਏ ਹਨ। ਪ੍ਰਦਰਸ਼ਨੀ ਦੌਰਾਨ ਐਵਾਰਡ ਪ੍ਰਾਪਤ ਕਰਨ ਵਾਲੇ ਕਲਾਕਾਰ ਗਾਜ਼ੀਆਬਾਦ, ਵਾਰਾਣਸੀ, ਦਿੱਲੀ, ਹਰਿਦੁਆਰ, ਮੁਹਾਲੀ, ਤੇਲੰਗਾਨਾ, ਚੰਡੀਗੜ੍ਹ, ਪੰਜਾਬ, ਹਰਿਆਣਾ, ਗੁਜਰਾਤ, ਵੈਸਟ ਬੰਗਾਲ, ਪੂਨਾ, ਭੁਵਨੇਸ਼ਵਰ, ਮਹਾਂਰਾਸ਼ਟਰ, ਰਾਜਸਥਾਨ ਅਤੇ ਕਲਕੱਤਾ ਆਦਿ ਨਾਲ ਸਬੰਧਤ ਹਨ। ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਜਨਰਲ ਸਕੱਤਰ ਡਾ. ਪੀਐਸ ਗਰੋਵਰ ਨੇ ਕਿਹਾ ਕਿ ਠਾਕੁਰ ਸਿੰਘ ਆਰਟ ਗੈਲਰੀ ਦਾ ਮੁੱਖ ਮਕਸਦ ਹੈ ਕਲਾ ਦਾ ਪੂਰੇ ਦੇਸ਼ ਚ ਪ੍ਰਸਾਰ ਤੇ ਪ੍ਰਚਾਰ ਕਰਨਾ ਅਤੇ ਸਮੂਹ ਪ੍ਰਬੰਧਕੀ ਟੀਮ ਇਸ ਮਕਸਦ ਨੂੰ ਕਾਮਯਾਬ ਵੀ ਕਰ ਰਹੀ ਹੈ। ਇਸ ਕਲਾ ਪ੍ਰਦਰਸ਼ਨੀ ਚੋਂ ਗਾਜ਼ੀਆਬਾਦ ਦੀ ਚਿੱਤਰਕਾਰ ਰਜਨੀ ਧਿਆਨੀ ਵੱਲੋਂ ਇਕ ਲੱਖ ਦਾ ਨਕਦ ਇਨਾਮ ਜਿੱਤਿਆ ਹੈ। ਜਦ ਕਿ ਵਾਰਾਣਸੀ ਦੇ ਸਕਲਪਟਰ ਬ੍ਰਹਮ ਸਵਰੂਪ ਨੇ 51 ਹਜ਼ਾਰ ਨਗਦ ਇਨਾਮ ਵਜੋਂ ਪ੍ਰਾਪਤ ਕੀਤੇ। ਏਸੇ ਤਰ੍ਹਾਂ ਨਵੀਂ ਦਿੱਲੀ ਦੇ ਗ੍ਰਾਫ਼ਿਕਸ ਆਰਟਿਸਟ ਸੁਸ਼ਾਂਤਾ ਚੈਟਰਜੀ ਨੂੰ 31 ਹਜ਼ਾਰ ਦਾ ਨਗਦ ਇਨਾਮ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ 15 ਹਜ਼ਾਰ ਦੇ ਦੋ, 11 ਹਜ਼ਾਰ ਦੇ ਛੇ ਅਤੇ ਪੰਜ ਹਜ਼ਾਰ ਦੇ 12 ਨਗਦ ਇਨਾਮ ਮੁੱਖ ਮਹਿਮਾਨ ਤਰੁਣ ਚੁੱਘ ਵਲੋਂ ਵੱਖ-ਵੱਖ ਕਲਾਕਾਰਾਂ ਨੂੰ ਪ੍ਰਦਾਨ ਕੀਤੇ ਗਏ। ਇਸ ਪ੍ਰਦਰਸ਼ਨੀ ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਕਲਾਕਾਰਾਂ ਦਾ ਵੀ ਮੁੱਖ ਮਹਿਮਾਨ ਤੇ ਪ੍ਰਬੰਧਕੀ ਟੀਮ ਵਲੋਂ ਨਿੱਘਾ ਮਾਣ-ਸਨਮਾਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦੌਰਾਨ ਸ਼ਹਿਰ ਦੇ ਨਾਮਵਰ ਕਲਾਕਾਰਾਂ ਚ ਭੁਪਿੰਦਰ ਸਿੰਘ ਨੰਦਾ, ਕੇਐਸ ਗਿੱਲ, ਸੁਖਪਾਲ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਢਿੱਲੋਂ, ਕਰਮਜੀਤ ਸਿੰਘ, ਗੁਲਸ਼ਨ ਸਿਧਾਨਾ, ਗੁਰਸ਼ਰਨ ਕੌਰ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।