ਜਸਨ, ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਯਮੁਨਾ ਨਗਰ (ਹਰਿਆਣਾ) ਦੀ ਦਿਵਯਜੋਤ ਕੌਰ (5) ਦੀ ਲਾਸ਼ ਮਿਲਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸ਼ਨਿੱਚਰਵਾਰ ਦੁਪਹਿਰ ਪੋਸਟਮਾਰਟਮ ਕਰਵਾਇਆ। ਰਿਪੋਰਟ 'ਚ ਸਪੱਸ਼ਟ ਹੋ ਗਿਆ ਹੈ ਕਿ ਬੱਚੀ ਦੀ ਮੌਤ ਦਮ ਘੁੱਟਣ ਕਾਰਨ ਹੋਈ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਉਸ ਦੇ ਮੂੰਹ 'ਤੇ ਸਿਰਹਾਣਾ ਰੱਖਿਆ ਗਿਆ ਹੋਵੇਗਾ ਜਾਂ ਫਿਰ ਕਿਸੇ ਲਿਫਾਫੇ ਨਾਲ ਉਸ ਦਾ ਗਲ਼ਾ ਘੁੱਟਿਆ ਗਿਆ ਹੋਵੇਗਾ।

ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੱਚੀ ਦੀ ਲਾਸ਼ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਬਾਕੀ ਕਾਰਵਾਈ ਯਮੁਨਾ ਨਗਰ ਸਥਿਤ ਗਾਂਧੀ ਨਗਰ ਪੁਲਿਸ ਸਟੇਸ਼ਨ ਵੱਲੋਂ ਕੀਤੀ ਜਾਵੇਗੀ। ਗਾਂਧੀ ਨਗਰ ਥਾਣੇ ਦੀ ਪੁਲਿਸ ਵੱਲੋਂ ਇਸ ਸਬੰਧੀ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।

ਬੱਚੀ ਦੇ ਪਿਤਾ ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਦਿਵਯਜੋਤ ਕੌਰ ਦਾ ਕਤਲ ਕੀਤਾ ਗਿਆ ਹੈ ਤੇ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤ ਜ਼ਰੂਰ ਜਾਵੇਗਾ। ਫਿਲਹਾਲ ਬੱਚੀ ਦੀ ਮਾਂ ਮਨਿੰਦਰ ਕੌਰ ਨੂੰ ਪੁਲਿਸ ਨੇ ਰਾਜਪੁਰਾ (ਪਟਿਆਲਾ) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬੱਚੀ ਦੇ ਮਾਤਾ-ਪਿਤਾ ਯਮੁਨਾਨਗਰ (ਹਰਿਆਣਾ) ਦੇ ਰਹਿਣ ਵਾਲੇ ਹਨ। 9 ਅਗਸਤ ਨੂੰ ਪਿਤਾ ਨੇ ਸਥਾਨਕ ਥਾਣੇ 'ਚ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਵੀਰਵਾਰ ਸ਼ਾਮ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ੇ 'ਚੋਂ ਲਾਵਾਰਸ ਹਾਲਤ 'ਚ ਹੱਟੀ ਦੀ ਲਾਸ਼ ਬਰਾਮਦ ਕੀਤੀ ਸੀ। ਜਾਂਚ ਕਰਨ 'ਤੇ ਸੀਸੀਟੀਵੀ ਫੁਟੇਜ ਸਾਹਮਣੇ ਆਈ, ਜਿਸ 'ਚ ਮਨਿੰਦਰ ਕੌਰ ਆਪਣੀ ਮ੍ਰਿਤਕ ਧੀ ਦਿਵਯਜੋਤ ਕੌਰ ਨੂੰ ਗੋਦੀ 'ਚ ਲੈ ਕੇ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਬੇਟਾ ਵੀ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਔਰਤ ਬੱਚੀ ਉਥੇ ਸੁੱਟ ਕੇ ਫਰਾਰ ਹੋ ਗਈ।

Posted By: Seema Anand