ਜੇਐੱਨਐੱਨ, ਅੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਕਸਟਮ ਵਿਭਾਗ ਦੀ ਏਅਰ ਇਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੂੰ ਸੋਮਵਾਰ ਸਵੇਰੇ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੁਬਈ ਤੋਂ ਪਰਤੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਕਿੱਲੋ 332 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।

ਸੋਨੇ ਦੀ ਭਾਰਤੀ ਮਾਰਕੀਟ 'ਚ ਕੀਮਤ ਇਕ ਕਰੋੜ 30 ਲੱਖ ਸੱਤ ਹਜ਼ਾਰ ਤੇ 311 ਰੁਪਏ ਦੱਸੀ ਗਈ ਹੈ। ਪਟਿਆਲਾ ਦੇ ਤਰਨਤਾਰਨ ਦੇ ਏਨਾਂ ਨੌਜਵਾਨਾਂ ਨੇ ਇਹ ਸੋਨਾ ਸਿਲਵਰ ਰੰਗ ਦੀ ਤਾਰ ਨੂੰ ਸੂਟਕੇਸ ਦੀ ਮਟੈਲਿਕ ਸਟਿ੍ਪ 'ਚ ਰੱਖ ਕੇ ਲਿਆਉਣ ਦਾ ਯਤਨ ਕੀਤਾ। ਅਧਿਕਾਰੀਆਂ ਨੇ ਸੋਨਾ ਕਬਜ਼ੇ 'ਚੋ ਲੈ ਕੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਤਰਨਤਾਰਨ ਜ਼ਿਲ੍ਹੇ ਦੇ ਫਤਿਹਾਬਾਦ ਪਿੰਡ ਵਾਸੀ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੀ ਸਮਰ ਤਹਿਸੀਲ ਦੇ ਪਿੰਡ ਖੱਤਰੀਵਾਲਾ ਵਾਸੀ ਗੁਰਜਨ ਸਿਘ ਸੋਮਵਾਰ ਸਵੇਰੇ ਦੁਬਈ ਤੋਂ ਆਉਣ ਵਾਲੀ ਫਲਾਈਟ ਤੋਂ ਅੰਮਿ੍ਤਸਰ ਪੁੱਜੇ।

ਏਅਰ ਇਟੈਲੀਜੈਂਸ ਅਧਿਕਾਰੀਆਂ ਨੇ ਇਨਾਂ ਦੇ ਸਾਮਾਨ ਦੀ ਚੈਕਿੰਗ ਦੌਰਾਨ ਏਨਾਂ ਦੇ ਚਿਹਰੇ ਨੂੰ ਸਟੱਡੀ ਕੀਤਾ, ਤਾਂ ਕੁਝ ਗੜਬੜੀ ਦਿਖੀ। ਅਧਿਕਾਰੀਆਂ ਕੋਲ ਸੂਚਨਾ ਸੀ ਕਿ ਦੋ ਲੋਕ ਦੁਬਈ ਤੋਂ ਵੱਡੀ ਮਾਤਰਾ 'ਚ ਸੋਨਾ ਲੈ ਕੇ ਭਾਰਤ ਪੁੱਜ ਰਹੇ ਹਨ। ਇਸ ਫਲਾਈਟ ਤੋਂ ਪੁੱਜੇ ਹੋਰ ਸਾਰੇ ਯਾਤਰੀਆਂ ਦੀ ਚੈਕਿੰਗ ਤੋਂ ਬਾਅਦ ਗੁਰਪ੍ਰੀਤ ਤੇ ਗੁਰਜਨ ਨੂੰ ਰੋਕ ਲਿਆ ਗਿਆ।

ਕਸਟਮ ਅਧਿਕਾਰੀਆਂ ਨੇ ਇਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਪਰ ਕੁਝ ਵੀ ਹੱਥ ਨਾ ਲੱਗਾ। ਦੋਵਾਂ ਯਾਤਰੀਆਂ ਦੀ ਸ਼ਰੀਰਕ ਜਾਂਚ ਵੀ ਕੀਤੀ ਗਈ ਜਦੋਂ ਕੁਝ ਨਾ ਮਿਲਿਆ ਤਾਂ ਇਨ੍ਹਾਂ ਦੋਵਾਂ ਦੇ ਬੈਗਾਂ ਦਾ ਐਕਸ-ਰੇ ਕੀਤਾ ਗਿਆ, ਤਾਂ ਸੂਟਕੇਸ 'ਚ ਲੱਗੀ ਸਟਿ੍ਪ 'ਚ ਸੋਨਾ ਹੋਣ ਦੇ ਸੰਕੇਤ ਮਿਲੇ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਖਾਸ ਸਿਖਲਾਈ ਪ੍ਰਾਪਤ ਅਧਿਕਾਰੀਆਂ ਨੇ ਬੈਗ ਨੂੰ ਖੋਲ੍ਹਿਆ ਤਾਂ ਅੰਦਰੋਂ ਸਿਲਵਰ ਕੋਟੇਡ ਸਟਿ੍ਪ ਮਿਲੀ, ਜੋ ਸੋਨਾ ਸੀ।

ਕਮਿਸ਼ਨਰ ਗੁਪਤਾ ਨੇ ਦੱਸਿਆ ਕਿ ਇਕ ਯਾਤਰੀ ਦੇ ਬੈਗ 'ਚੋਂ ਇਕ ਕਿੱਲੋ 664 ਗ੍ਰਾਮ ਤੇ ਦੂਜੇ ਯਾਤਰੀ ਦੇ ਬੈਗ 'ਚੋਂ ਇਕ ਕਿੱਲੋ 668 ਗ੍ਰਾਮ ਸੋਨਾ ਮਿਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਯਾਤਰੀਆਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।