ਜਾਗਰਣ ਸੰਵਾਦਦਾਤਾ, ਅੰੰਮਿ੍ਰਤਸਰ : ਸਫ਼ਾਈ ਅਤੇ ਹਰਿਆਲੀ ਲਈ ਦੇਸ਼ ’ਚ ਪਹਿਲਾ ਸਥਾਨ ਹਾਸਿਲ ਕਰ ਚੁੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਗੁਲਾਬ ਦੇ ਫੁੱਲਾਂ ਦੀ ਖ਼ੁਸ਼ਬੂ ਨਾਲ ਮਹਿਕ ਰਹੀ ਹੈ। ਇੱਥੇ ਇਕ ਹਜ਼ਾਰ ਤੋਂ ਵੱਧ ਫੁੱਲਾਂ ਦਾ ਬਗ਼ੀਚਾ ਤਿਆਰ ਕੀਤਾ ਗਿਆ ਹੈ। ਇਸ ’ਚ ਦੇਸ਼ੀ-ਵਿਦੇਸ਼ੀ ਗੁਲਾਬ ਦੇ ਬੂਟੇ ਲਗਾਏ ਗਏ ਹਨ। ਇਸ ਨੂੰ ਗੋਲਡਨ ਜੁਬਲੀ ਰੋਜ ਪਾਰਕ ਦਾ ਨਾਂ ਦਿੱਤਾ ਗਿਆ ਹੈ। ਇੱਥੇ 1000 ਤੋਂ ਵੱਧ ਕਿਸਮਾਂ ਦੇ ਗੁਲਾਬ ਲੱਗੇ ਹਨ। ਇੰਨੀ ਵੱਡੀ ਗਿਣਤੀ ਤੇ ਫੁੱਲਾਂ ਦੀਆਂ ਕਿਸਮਾਂ ਨਾਲ ਬਗ਼ੀਚਾ ਤਿਆਰ ਕਰਨ ਵਾਲੀ ਜੀਐੱਨਡੀਯੂ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਬਾਗ਼ ਦੇ ਕਿਨਾਰੇ ਸੁੰਦਰ ਕਿਆਰੀਆਂ ਬਣਾਈਆਂ ਗਈਆਂ ਹਨ। ਇਸ ’ਚ ਵੀ ਗੁਲਾਬ ਤੇ ਹੋਰ ਕਈ ਫੁੱਲ ਲਗਾਏ ਗਏ ਹਨ।

ਇਨ੍ਹਾਂ ਕਿਸਮਾਂ ਦੇ ਫੁੱਲਾਂ ਨੂੰ ਲਾਇਆ ਬਗ਼ੀਚੇ ’ਚ

ਸੱਤ ਤਰ੍ਹਾਂ ਦੇ ਗੁਲਾਬੀ ਗੁਲਾਬ, ਛੇ ਤਰ੍ਹਾਂ ਦੇ ਚਿੱਟੇ ਗੁਲਾਬ, ਛੇ ਕਿਸਮਾਂ ਦੇ ਦੋ ਰੰਗ ਵਾਲੇ ਗੁਲਾਬ, ਪੰਜ ਕਿਸਮ ਦੇ ਬਹੁਰੰਗੀ ਗੁਲਾਬ, ਅੱਠ ਤਰ੍ਹਾਂ ਦੇ ਡਬਲ ਡਿਲਾਈਟ ਗੁਲਾਬ, ਪਟੂਨੀਆ, ਪੈਂਸੀ, ਐਂਟੀਰਾਈਨਮ, ਐਸਟਰ, ਰਾਈਨਕੁਲਜ਼, ਡਾਇਐਂਥਸ ਅਤੇ ਪਿੰਕ ਕਿਸਕ ਦੇ ਫੁੱਲਾਂ ਦੀਆਂ ਕਿਸਮਾਂ ਲਾਈਆਂ ਗਈਆਂ ਹਨ।

2500 ਤੋਂ ਵੱਧ ਨਵੇਂ ਬੂਟੇ ਲਾਉਣ ਦੀ ਤਿਆਰੀ

ਡਾ. ਬਿਲਗਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਵਾਈਡਰਾਂ ’ਤੇ ਵੀ ਫੁੱਲਾਂ ਦੀਆਂ ਕਿਆਰੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਕੈਂਪਸ ’ਚ ਦਾਖ਼ਲ ਹੁੰਦਿੇਆਂ ਹੀ ਸੁੰਦਰ ਨਜ਼ਾਰਾ ਦੇਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ’ਚ 2500 ਤੋਂ ਵੱਧ ਨਵੇਂ ਬੂਟੇ ਲਗਾਉਣ ਦੀ ਤਿਆਰੀ ਚੱਲ ਰਹੀ ਹੈ।

ਡਾ. ਜਸਪਾਲ ਸਿੰਘ ਸੰਧੂ ਨੇ ਦਿੱਤਾ ਇਹ ਸੁਝਾਅ

ਪ੍ਰੋ. ਜੇਐੱਸ ਬਿਲਗਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ’ਚ ਇੰਨੀ ਵੱਡੀ ਗਿਣਤੀ ’ਚ ਗੁਲਾਬ ਲਗਾਉਣ ਦਾ ਸੁਝਾਅ ਵੀਸੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਦਿੱਤਾ ਗਿਆ ਸੀ। ਜਦੋਂ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਏ ਹੋਏ ਸਨ, ਉਥੇ ਉਸ ਨੇ ਇਕ ਬਗ਼ੀਚਾ ਦੇਖਿਆ ਅਤੇ ਫਿਰ ਵਾਪਸ ਆ ਕੇ ਉਸ ਨਾਲ ਗੱਲ ਕੀਤੀ ਕਿ ਕਿਉਂ ਨਾ ਜੀਐੱਨਡੀਯੂ ਵਿਚ ਵੱਖ-ਵੱਖ ਕਿਸਮਾਂ ਦੇ ਗੁਲਾਬਾਂ ਦਾ ਬਗ਼ੀਚਾ ਤਿਆਰ ਕੀਤਾ ਜਾਵੇ।

ਇਸ ਤੋਂ ਬਾਅਦ ਗੁਲਾਬ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਕੀਤੀ ਗਈ ਅਤੇ ਸਾਰੇ ਫੁੱਲ ਬੰਗਲੌਰ ਤੋਂ ਮੰਗਵਾਏ ਗਏ। ਇਨ੍ਹਾਂ ਸਾਰੇ ਫੁੱਲਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਫੁੱਲ ਖ਼ਤਮ ਨਾ ਹੋ ਜਾਵੇ। ਇਸ ਦੇ ਨਾਲ ਹੀ ਬਗ਼ੀਚੇ ਦੇ ਕਿਨਾਰਿਆਂ ’ਤੇ ਲਿਲੀ ਫੁੱਲ ਲਗਾ ਕੇ ਬਾਰਡਰ ਤਿਆਰ ਕੀਤਾ ਗਿਆ ਹੈ।

Posted By: Harjinder Sodhi