ਜੇਐੱਨਐੱਨ, ਅੰਮਿ੍ਤਸਰ : ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਅਫੀਮ ਦੇ ਆਦੀ ਇਕ ਨਸ਼ੇੜੀ ਨੇ ਡੋਪ ਟੈਸਟ ਕਰਵਾਉਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਕਾਰਜ ਅਧੀਨ ਟੈਕਨੀਸ਼ੀਅਨ ਸਿਮਰਨ ਨੂੰ ਆਪਣਾ ਯੂਰਿਨ ਸੈਂਪਲ ਦਿੱਤਾ। ਨਾਲ ਹੀ ਟੈਕਨੀਸ਼ੀਅਨ ਨੂੰ ਫਾਈਲ ਥਮ੍ਹਾ ਦਿੱਤੀ। ਇਸ ਸ਼ਖਸ ਨੇ ਸਿਮਰਨ ਨੂੰ ਕਿਹਾ ਕਿ ਉਹ ਉਸ ਦੀ ਨੈਗੇਟਿਵ ਰਿਪੋਰਟ ਬਣਾ ਦੇਵੇ। ਟੈਕਨੀਸ਼ੀਅਨ ਨੇ ਯੂਰਿਨ ਸੈਂਪਲ ਟੈਸਟ ਲਈ ਭੇਜ ਦਿੱਤਾ ਅਤੇ ਫਾਈਲ ਸਾਈਡ ਵਿਚ ਰੱਖ ਦਿੱਤੀ। ਕੁਝ ਦੇਰ ਬਾਅਦ ਜਦੋਂ ਫਾਈਲ ਖੋਲ੍ਹੀ ਤਾਂ ਇਸ ਵਿਚੋਂ ਇਕ ਲਿੁਫ਼ਾਫ਼ਾ ਨਿਕਲਿਆ, ਜਿਸ 'ਚੋਂ 7 ਹਜ਼ਾਰ ਰੁਪਏ ਨਿਕਲੇ। ਰੁਪਏ ਦੇਖ ਕੇ ਟੈਕਨੀਸ਼ੀਅਨ ਦਾ ਮੱਥਾ ਠਣਕਿਆ। ਉਹ ਸਮਝ ਗਿਆ ਕਿ ਉਕਤ ਸ਼ਖਸ ਨਸ਼ੇੜੀ ਹੈ ਅਤੇ ਉਸ ਤੋਂ ਨੈਗੇਟਿਵ ਰਿਪੋਰਟ ਬਣਵਾਉਣ ਲਈ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਹੈ। ਟੈਕਨੀਸ਼ੀਅਨ ਸਿਮਰਨ ਨੇ ਮਾਮਲੇ ਦੀ ਜਾਣਕਾਰੀ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ ਡਾ. ਰਾਜੀਵ ਅਰੋੜਾ ਨੂੰ ਦਿੱਤੀ। ਡਾ. ਅਰੋੜਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਪਰੰਤ ਉਕਤ ਵਿਅਕਤੀ ਨੂੰ ਡਾ. ਅਰੋੜਾ ਨੇ ਆਪਣੇ ਕੋਲ ਬੁਲਾਇਆ ਅਤੇ ਜਮ ਕੇ ਫਟਕਾਰ ਲਾਈ। ਜਦੋਂ ਨਸ਼ੇੜੀ ਨੂੰ ਪਤਾ ਲੱਗਾ ਕਿ ਪੁਲਿਸ ਉਸ ਨੂੰ ਲੈਣ ਆ ਰਹੀ ਹੈ ਤਾਂ ਉਹ ਮੁਆਫੀ ਮੰਗਣ ਲੱਗਾ। ਨਸ਼ੇੜੀ ਵਲੋਂ ਮਾਫੀ ਮੰਗਣ 'ਤੇ ਡਾ. ਅਰੋੜਾ ਨੇ ਉਸ ਤੋਂ ਮੁਆਫੀਨਾਮਾ ਲਿਖਵਾਇਆ, ਜੋ 7 ਹਜ਼ਾਰ ਰੁਪਏ ਉਸ ਨੇ ਟੈਕਨੀਸ਼ੀਅਨ ਨੂੰ ਰਿਸ਼ਵਤ ਦੇ ਰੂਪ ਵਿਚ ਦਿੱਤੇ ਸਨ, ਉਹ ਚੈਰਿਟੀ ਫੰਡ ਵਿਚ ਜਮ੍ਹਾ ਕਰਵਾ ਦਿੱਤੇ ਗਏ। ਡਾ. ਅਰੋੜਾ ਨੇ ਕਿਹਾ ਕਿ ਰਾਸ਼ੀ ਚੈਰਿਟੀ ਫੰਡ ਵਿਚ ਜਮ੍ਹਾ ਕਰਵਾ ਕੇ ਰਸੀਦ ਉਕਤ ਵਿਅਕਤੀ ਨੂੰ ਦੇ ਦਿੱਤੀ ਹੈ।