ਜੇਐੱਨਐੱਨ, ਅੰਮਿ੍ਤਸਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਨੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਤ ਕਿੱਲੋ ਹੈਰੋਇਨ ਦੇ ਮਾਮਲੇ ਵਿੱਚੋਂ ਡਿਸਚਾਰਜ ਕਰ ਦਿੱਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 16 ਅਪ੍ਰੈਲ 2018 ਨੂੰ ਮੋਦੇ ਪਿੰਡ ਦੇ ਵਸਨੀਕ ਰਣਜੀਤ ਸਿੰਘ ਤੇ ਜਸਰਾਊ ਪਿੰਡ ਵਾਸੀ ਗੁਰਸੇਵਕ ਸਿੰਘ ਵਿਰੁੱਧ ਨਸ਼ਾ ਸਮੱਗਲਿੰਗ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦੋਵੇਂ ਮੁਲਜ਼ਮ ਭਾਰਤ-ਪਾਕਿ ਸਰਹੱਦ ਤੋਂ ਪੁੱਜੀ ਸਤ ਕਿੱਲੋ ਹੈਰੋਇਨ ਦੀ ਖੇਪ ਨੂੰ ਟਿਕਾਣੇ ਲਾਉਣ ਦੇ ਯਤਨਾਂ ਵਿਚ ਸਨ।

ਇਸੇ ਅਧਾਰ 'ਤੇ ਐੱਸਐੱਸਓਸੀ ਟੀਮ ਨੇ ਨਾਕਾਬੰਦੀ ਕਰ ਕੇ ਦੋਵਾਂ ਨੂੰ 7 ਕਿੱਲੋ ਹੈਰੋਇਨ ਦੀ ਖੇਪ ਸਣੇ ਕਾਬੂ ਕੀਤਾ ਸੀ। ਜਦੋਂ ਦੋਵਾਂ ਸਮੱਗਲਰਾਂ ਨੂੰ ਫੜ ਕੇ ਥਾਣੇ ਵਿਚ ਪੁੱਛ ਪੜਤਾਲ ਕੀਤੀ ਗਈ ਤਾਂ ਇਨ੍ਹਾਂ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਇਹ ਖੇਪ ਫ਼ਤਾਹਪੁਰ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਏ ਦੇ ਇਸ਼ਾਰੇ 'ਤੇ ਚੁੱਕੀ ਸੀ। ਮੁਲਜ਼ਮਾਂ ਨੇ ਦੱਸਿਆ ਕਿ ਫ਼ਤਾਹਪੁਰ ਜੇਲ੍ਹ ਵਿਚ ਰਹਿੰਦਿਆਂ ਉਨ੍ਹਾਂ ਦੀ ਮੁਲਾਕਾਤ ਜੱਗੂ ਨਾਲ ਹੋਈ ਸੀ। ਜੱਗੂ ਜ਼ਰੀਏ ਉਨ੍ਹਾਂ ਦੇ ਸਬੰਧ ਪਾਕਿ ਸਮੱਗਲਰਾਂ ਨਾਲ ਬਣੇ ਸਨ। ਜੇਲ੍ਹ ਤੋਂ ਜ਼ਮਾਨਤ 'ਤੇ ਪਰਤਣ ਮਗਰੋਂ ਉਨ੍ਹਾਂ ਨੇ ਜੱਗੂ ਦੇ ਇਸ਼ਾਰੇ 'ਤੇ ਪਾਕਿ ਤੋਂ ਆਉਣ ਵਾਲੀ ਹੈਰੋਇਨ ਟਿਕਾਣੇ ਲਾਉਣੀ ਸ਼ੁਰੂ ਕਰ ਦਿੱਤੀ ਸੀ। ਓਧਰ, ਜੱਗੂ ਦੇ ਵਕੀਲ ਅਮਨਦੀਪ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2015-16 ਵਿਚ ਸਮੱਗਲਰ ਰਣਜੀਤ ਤੇ ਗੁਰਸੇਵਕ ਸਿੰਘ ਫ਼ਤਾਹਪੁਰ ਜੇਲ੍ਹ ਵਿਚ ਬੰਦ ਸਨ। ਉਦੋਂ ਜੱਗੂ ਹੁਸ਼ਿਆਰਪੁਰ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ ਤੇ ਹੁਣ ਹੁਣ ਪਟਿਆਲੇ ਜੇਲ੍ਹ ਵਿਚ ਹੈ। ਇਸ ਫ਼ੈਸਲੇ ਕਾਰਨ ਸੁਰੱਖਿਆ ਏਜੰਸੀਆਂ ਨੂੰ ਝਟਕਾ ਲੱਗਿਆ ਹੈ।

Posted By: Susheel Khanna