ਗੁਰਜਿੰਦਰ ਮਾਹਲ, ਅੰਮ੍ਰਿਤਸਰ : ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਏ ਖ਼ਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਰਾਣਾ ਸਮੇਤ ਤਿੰਨ ਲੋਕਾਂ 'ਤੇ ਮੰਗਲਵਾਰ ਰਾਤ 8 ਵਜੇ ਦੋ ਨੌਜਵਾਨਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਦੋ ਲੋਕਾਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਘਟਨਾ 'ਚ ਚਾਰ ਨੌਜਵਾਨ ਸ਼ਾਮਲ ਸਨ। ਉਹ ਚਿੱਟੇ ਰੰਗ ਦੀ ਕ੍ਰੇਟਾ 'ਚ ਆਏ ਸਨ। IMA ਦੇ ਸੂਬਾ ਪ੍ਰਧਾਨ ਤੇ ਕੇਡੀ ਹਸਪਤਾਲ ਦੇ ਐਮਡੀ ਡਾ. ਕੁਲਦੀਪ ਸਿੰਘ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਣਾ ਕੰਦੋਵਾਲੀਆ ਦੇ ਨਾਲ ਜ਼ਖ਼ਮੀ ਹੋਏ ਉਸ ਦੇ ਸਾਥੀ ਤੇਜਵੀਰ ਸਿੰਘ ਤੇਜਾ ਨੂੰ ਅਮਨਦੀਪ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਗੈਂਗਸਟਰ ਰਾਣਾ ਕੰਦੋਵਾਲੀਆ ਮੰਗਲਵਾਰ ਰਾਤ ਕੇਡੀ ਹਸਪਤਾਲ 'ਚ ਦਾਖ਼ਲ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਆਇਆ ਸੀ। ਇਸ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਰਾਣਾ ਕੰਦੋਵਾਲੀਆ, ਉਸ ਦਾ ਸਾਥੀ ਤੇਜਵੀਰ ਸਿੰਘ ਤੇਜਾ ਤੇ ਹਸਪਤਾਲ ਦਾ ਸੁਰੱਖਿਆ ਗਾਰਡ ਅਰੁਣ ਕੁਮਾਰ ਜ਼ਖ਼ਮੀ ਹੋ ਗਏ ਸਨ। ਰਾਣੋ ਕੰਦੋਵਾਲੀਆ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਸ ਦੀ ਦੇਰ ਰਾਤ ਮੌਤ ਹੋ ਗਈ। ਖਦਸ਼ਾ ਹੈ ਕਿ ਤਿਹਾੜ ਜੇਲ੍ਹ 'ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵਾਰਦਾਤ ਨੂੰ ਆਪਣੇ ਗੁਰਗਿਆਂ ਜ਼ਰੀਏ ਅੰਜਾਮ ਦਿੱਤਾ ਹੈ ਕਿਉਂਕਿ ਜੱਗੂ ਦਾ ਪਿਛਲੇ ਕਈ ਸਾਲਾਂ ਤੋਂ ਰਾਣਾ ਦੇ ਨਾਲ ਵਿਵਾਦ ਚੱਲ ਰਿਹਾ ਸੀ।

ਦਸੰਬਰ 2019 'ਚ ਹੋਈ ਸੀ ਰਾਣਾ ਦੀ ਜ਼ਮਾਨਤ

ਗੈਂਗਸਟਰ ਰਣਦੀਪ ਸਿੰਘ ਉਰਫ਼ ਰਾਣਾ ਕੰਦੋਵਾਲੀਆ ਖਿਲਾਫ਼ ਕੁੱਟਮਾਰ, ਗੋਲ਼ੀਆ ਚਲਾਉਣ ਤੇ ਗੁੰਡਾਗਰਦੀ ਦੇ ਦਰਜਨਾਂ ਮਾਮਲੇ ਦਰਜ ਹਨ। ਮੁਲਜ਼ਮ ਕਾਫੀ ਸਮੇਂ ਤਕ ਜੇਲ੍ਹ 'ਚ ਵੀ ਰਿਹਾ। ਦਸੰਬਰ 2019 ਨੂੰ ਕੋਰਟ ਨੇ ਰਾਣਾ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਪਰਿਵਾਰ ਰਾਣਾ ਨੂੰ ਹਮੇਸ਼ਾ ਸੁਧਾਰਣ ਦੀ ਨਸੀਹਤ ਦੇ ਰਿਹਾ ਸੀ ਪਰ ਗੈਂਗਸਟਰ ਜੱਗੂ ਭਗਵਾਨਪੁਰੀਆ ਉਸ ਨੂੰ ਜੇਲ੍ਹ ਤੋਂ ਹੀ ਮਾਰ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ। ਰਾਣਾ ਦੇ ਪਰਿਵਾਰ ਨੇ 30 ਅਕਤੂਬਰ 2020 ਨੂੰ ਰਾਣਾ ਦਾ ਵਿਆਹ ਕਰ ਦਿੱਤਾ ਸੀ। ਰਾਣਾ ਤੇ ਉਸ ਦੇ ਸਾਥੀਆਂ ਨੇ ਆਪਣੇ ਵਿਆਹ ਸਮਾਗਮ 'ਚ ਖੁਸ਼ੀ ਨਾਲ ਫਾਇਰਿੰਗ ਕੀਤੀ ਸੀ। ਇਸ ਬਾਰੇ ਵੀ ਰਾਣਾ ਤੇ ਉਸ ਦੇ ਸਾਥੀਆਂ 'ਤੇ ਗੋਲ਼ੀਆ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

Posted By: Seema Anand