ਅਭਿਸ਼ੇਕ ਜੋਸ਼ੀ, ਤਰਨਤਾਰਨ : ਖ਼ਤਰਨਾਕ ਗੈਂਗਸਟਰ ਜੇਲ੍ਹ 'ਚ ਬੈਠ ਕੇ ਆਪਣਾ ਨੈੱਟਵਰਕ ਆਸਾਨੀ ਨਾਲ ਚਲਾ ਰਹੇ ਹਨ ਤੇ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ 'ਚ ਧੱਕ ਰਹੇ ਹਨ। ਗੈਂਗਸਟਰ ਇਕ-ਦੂਜੇ ਨੂੰ ਜੇਲ੍ਹ 'ਚੋਂ ਹੀ ਧਮਕੀਆਂ ਦੇਣ ਲੱਗ ਪਏ ਹਨ, ਜਿਸ ਤੋਂ ਲੱਗਦਾ ਹੈ ਕਿ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਰਾ ਕੁਝ ਜਾਣਦੇ ਹੋਏ ਵੀ ਪੁਲਿਸ ਪ੍ਰਸਾਸ਼ਨ ਚੁੱਪ ਬੈਠਾ ਹੋਇਆ ਹੈ। ਪੰਜਾਬ ਦਾ ਖਤਰਨਾਕ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਨਾਪੁਰੀਆ ਜੇਲ੍ਹ 'ਚ ਬੰਦ ਹੈ, ਪਰ ਉਸ ਦਾ ਤਰਨਤਾਰਨ 'ਚ ਪੂਰਾ ਦਬਦਬਾ ਹੈ। ਇਸ ਇਲਾਕੇ 'ਚ ਉਸ ਦੇ ਸਾਥੀ ਨਿੱਤ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨਾਲ ਫੜੇ ਜਾ ਰਹੇ ਹਨ।

ਪਿਛਲੇ ਦਿਨੀਂ ਕਾਲਜ ਦੀਆਂ ਪ੍ਰਧਾਨਗੀਆਂ ਹਥਿਆਰਾਂ ਦੇ ਜ਼ੋਰ 'ਤੇ ਲੈਣ 'ਤੇ ਤਰਨਤਾਰਨ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਰੋਸ਼ਨ ਹੁੰਦਲ, ਏਕਮ ਸੰਧੂ ਕਾਜੀਕੋਟ, ਸਰਵਨ ਸਿੰਘ ਸੰਮਾ ਭਲਵਾਨ, ਅਰਸ਼ ਤੇ ਲੱਕੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਜਦਕਿ ਜੱਗੂ ਗੈਂਗ ਦੀ ਵਿਰੋਧੀ ਧਿਰ ਰਵੀ ਦੁੱਗਲਵਾਲ ਨੂੰ ਵੀ ਹਥਿਆਰਾਂ ਸਮੇਤ ਕਾਬੂ ਕੀਤਾ।

ਭਾਵੇਂਕਿ ਪੁਲਿਸ ਜੱਗੂ ਭਗਵਾਨਪੁਰੀਆ ਦਾ ਨੈੱਟਵਰਕ ਤੋੜਣ 'ਚ ਸਫਲ ਹੋਣ ਦੀ ਗੱਲ ਕਰ ਰਹੀ ਹੈ ਪਰ ਇਲਾਕੇ 'ਚ ਜੱਗੂ ਗੈਂਗ ਦੇ ਗੈਂਗਸਟਰ ਲਗਾਤਾਰ ਦੂਜੇ ਗੈਂਗਸਟਰਾਂ ਨੂੰ ਧਮਕਾਉਣ ਲੱਗੇ ਹੋਏ ਹਨ। ਫੇਸਬੁੱਕ 'ਤੇ ਤਰਨਤਾਰਨ ਗਰੁੱਪ ਵੱਲੋਂ ਪਾਈ ਗਈ ਪੋਸਟ 'ਚ ਗੈਂਗਸਟਰ ਰਵੀ ਦੁੱਗਲਵਾਲ ਤੇ ਉਸ ਦੇ ਸਾਥੀ ਦੀਪੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਸੂਤਰਾਂ ਦੀ ਮੰਨੀਏ ਤਾਂ ਇਹ ਪੇਜ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਵਿਅਕਤੀ ਚਲਾ ਰਿਹਾ ਹੈ, ਕਿਉਂਕਿ ਇਸ ਵਾਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਜੱਗੂ ਗੈਂਗ ਤੇ ਰਵੀ ਦੁੱਗਲਵਾਲ ਗੈਂਗ ਵਿਚਾਲੇ ਕਾਫੀ ਵਿਵਾਦ ਹੋਇਆ ਸੀ।

ਪੇਜ 'ਤੇ ਪਾਈ ਗਈ ਇਕ ਪੋਸਟ ਤੋਂ ਸਾਫ ਪਤਾ ਲੱਗਦਾ ਹੈ ਕਿ ਗੈਂਗ ਨਾਲ ਸਬੰਧਤ ਲੋਕ ਜੱਗੂ ਭਗਵਾਨਪੁਰੀਆ ਨਾਲ ਜੁੜੇ ਹੋਏ ਹਨ। ਤਰਨਤਾਰਨ ਦੇ ਮੋਸਟ ਵਾਟੈਂਡ ਗੈਂਗਸਟਰ ਵਿੱਕੀ ਵਰਲਡ ਦੇ ਇਕ ਕਰੀਬੀ ਸਾਥੀ ਦੀ ਫੋਟੋ ਵੀ ਇਸ ਪੇਜ 'ਤੇ ਪਾਈ ਗਈ ਹੈ। ਜਦਕਿ ਜੱਗੂ ਗੈਂਗ ਨਾਲ ਸਬੰਧਤ ਰਜਿੰਦਰ ਮੱਲ੍ਹੀ, ਸੰਮਾ ਭਲਵਾਨ, ਲੱਕੀ ਕੰਡਿਆਲਾ, ਕਾਲਾ ਕਿਰਤੋਵਾਲ ਦੀ ਤਸਵੀਰ ਇਸ ਪੇਜ 'ਤੇ ਅਪਲੋਡ ਹੈ।

ਪਹਿਲਾਂ ਵੀ ਗੈਂਗਵਾਰ ਨਾਲ ਕੰਬ ਚੁੱਕਾ ਹੈ ਤਰਨਤਾਰਨ

10 ਅਗਸਤ 2016 ਨੂੰ ਤਰਨਤਾਰਨ ਦੇ ਪਿੰਡ ਬਾਠ ਨੇੜੇ ਦਵਿੰਦਰ ਬੰਬੀਹਾ ਗੈਂਗ ਤੇ ਜੱਗੂ ਭਗਵਾਨਪੁਰੀਆ ਗੈਂਗ 'ਚ ਜ਼ਬਰਦਸਤ ਮੁਕਾਬਲਾ ਹੋਇਆ ਸੀ। ਇਸ ਗੈਂਗਵਾਰ 'ਚ 150 ਤੋਂ ਵੱਧ ਗੋਲ਼ੀਆਂ ਚੱਲੀਆਂ ਸਨ। ਗੈਂਗਵਾਰ 'ਚ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਗੈਂਗਸਟਰ ਦਿਲਬਾਗ ਸਿੰਘ ਉਰਫ ਲੰਮਾ ਪੱਟੀ ਦੀ ਮੌਤ ਹੋ ਗਈ ਸੀ। ਜਦਕਿ ਇਕ ਗੈਂਗਸਟਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਮਿ੍ਤਕ ਗੈਂਗਸਟਰ ਲੰਮਾ ਪੱਟੀ ਕੁਝ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਬਾਹਰ ਆਇਆ ਸੀ, ਜਿਸ ਨੂੰ ਬੰਬੀਹਾ ਗੈਂਗ ਵੱਲੋਂ ਅਗਵਾ ਕਰ ਲਿਆ ਗਿਆ ਸੀ। ਪੱਟੀ ਨੂੰ ਛੁਡਵਾਉਣ ਲਈ ਹੀ ਉਸ ਦੇ ਗੈਂਗ ਨੇ ਹਮਲਾ ਕੀਤਾ ਸੀ।

ਨਹੀਂ ਵਿਗੜਣ ਦਿੱਤਾ ਜਾਵੇਗਾ ਮਾਹੌਲ : ਐੱਸਪੀ ਵਾਲੀਆ

ਐੱਸਪੀ (ਆਈ) ਜਗਜੀਤ ਸਿੰਘ ਵਾਲੀਆ ਕਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਧਮਕੀ ਬਾਰੇ ਪਾਈ ਗਈ ਪੋਸਟ ਸਬੰਧੀ ਹੁਣੇ ਜਾਣਕਾਰੀ ਮਿਲੀ ਹੈ। ਮਾਮਲੇ ਦੀ ਜਾਂਚ ਬਾਰੀਕੀ ਨਾਲ ਕਰਵਾਈ ਜਾਵੇਗੀ। ਧਮਕੀ ਦੇਣ ਵਾਲੇ ਵਿਅਕਤੀ ਖ਼ਿਲਾਫ਼ ਹਰ ਹਾਲਤ 'ਚ ਕਾਰਵਾਈ ਹੋਵੇਗੀ। ਤਰਨਤਾਰਨ 'ਚ ਕਿਸੇ ਵੀ ਅਸਮਾਜਿਕ ਤੱਤ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ।