ਮਨਜੋਤ ਸਿੰਘ ਕੰਗ, ਅੰਮ੍ਰਿਤਸਰ : ਰਾਣਾ ਕੰਦੋਵਾਲੀਆ ਦੇ ਕਤਲ ਦੇ ਮਾਮਲੇ (Rana Kandowala Murder Case) 'ਚ ਬੁੱਧਵਾਰ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਅੰਮ੍ਰਿਤਸਰ ਅਦਾਲਤ 'ਚ ਦੂਜੀ ਵਾਰ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੂੰ 5 ਦਿਨਾਂ ਦਾ ਹੋਰ ਰਿਮਾਂਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਬੀਤੀ 28 ਜੁਲਾਈ ਨੂੰ 6 ਜੁਲਾਈ ਤਕ ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਮਿਲਿਆ ਸੀ ਤੇ ਐਸਐਸਓਸੀ ਵਲੋਂ ਉਸਨੂੰ ਆਪਣੀ ਹਿਰਾਸਤ 'ਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਬਿਸ਼ਨੋਈ ਨੇ ਕੀ ਕੁਝ ਕਬੂਲ ਕੀਤਾ ਇਸ ਬਾਰੇ ਅਜੇ ਸਪੱਸ਼ਟ ਪੁਲਿਸ ਵਲੋਂ ਨਹੀਂ ਦਿੱਤੀ ਗਈ ਹੈ। ਅੱਜ ਮੈਡੀਕਲ ਕਰਾਉਣ ਤੋਂ ਬਾਅਦ ਕਰੀਬ ਸਵੇਰੇ 7.30 ਵਜੇ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲਾਰੈਂਸ ਦੇ ਰਿਮਾਂਡ ਲਈ ਫਾਜ਼ਿਲਕਾ ਪੁਲਿਸ ਵੀ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਪਹੁੰਚੀ ਹੈ। ਇਸਦੇ ਨਾਲ ਹੀ ਅੰਮ੍ਰਿਤਸਰ ਅਦਾਲਤ ਨੇੜੇ ਲੱਗੇ ਪੁਲਿਸ ਮੁਲਾਜ਼ਮਾਂ ਨੇ ਵੀਵੀਆਈਪੀ ਡਿਊਟੀ ਸਲਿੱਪ ਲਗਾਈ ਹੋਈ ਹੈ ਜੋ ਕਿ ਪਹਿਲਾਂ ਹੀ ਵਿਧਾਨ ਸਭਾ 'ਚ ਵੀ ਵਿਵਾਦ ਦਾ ਕਰਨ ਬਣ ਗਈ ਸੀ ਕਿ ਇਕ ਗੈਂਗਸਟਰ ਨੂੰ ਅਦਾਲਤ 'ਚ ਪੇਸ਼ ਕਰਨ ਲਈ VVIP ਡਿਊਟੀ ਸਲਿਪ ਦੀ ਵਰਤੋਂ ਕਿਉਂ?

ਇਸ ਦੌਰਾਨ ਪੁਲਿਸ ਦੀਆਂ 13 ਦੇ ਕਰੀਬ ਗੱਡੀਆਂ ਦਾ ਕਾਫ਼ਲਾ ਮੌਜੂਦ ਸੀ। ਅਦਾਲਤ 'ਚ ਪੇਸ਼ੀ ਲਈ ਉਸਨੂੰ ਬੁਲੇਟ ਪਰੂਫ ਗੱਡੀ 'ਚ ਲਿਆਂਦਾ ਗਿਆ। ਪੁਲਿਸ ਅਧਿਕਾਰੀ ਕਰਮਚਾਰੀ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹਰ ਚੌਕ 'ਤੇ ਤਾਇਨਾਤ ਸਨ। ਲਾਰੈਂਸ ਵੱਲੋਂ ਹੱਥਕੜੀ ਤੇ ਮੂੰਹ ਪੂਰੀ ਤਰ੍ਹਾਂ ਢਕਿਆ ਹੋਇਆ ਸੀ। ਮੀਡੀਆ ਨੂੰ ਪਿਛਲੀ ਪੇਸ਼ੀ ਵਾਂਗ ਹੀ 50 ਮੀਟਰ ਦੀ ਦੂਰੀ 'ਤੇ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅੰਮ੍ਰਿਤਸਰ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਕੇਸ 'ਚ ਲਾਰੇਂਸ ਨੂੰ ਲਿਆਂਦਾ ਹ। ਉਸ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਅੰਮ੍ਰਿਤਸਰ) ਵਿੱਚ ਰੱਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਸਬੰਧੀ ਜੱਗੂ ਨੂੰ ਟਰਾਂਜ਼ਿਟ ਰਿਮਾਂਡ 'ਤੇ ਵੀ ਲਿਆ ਸਕਦੀ ਹੈ ਕਿਉਂਕਿ ਜੱਗੂ ਨੇ ਵੀ ਰਾਣਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ। ਉਧਰ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਨੇ ਵੀ ਆਪਣੀ ਫੇਸਬੁੱਕ 'ਤੇ ਕੰਦੋਵਾਲੀਆ ਦੀ ਮੌਤ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਬਰਾੜ ਲਾਰੈਂਸ ਦੇ ਬਹੁਤ ਕਰੀਬ ਹੈ।

Posted By: Seema Anand