ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ - ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਆਜ਼ਾਦੀ ਦਿਵਸ ਪ੍ਰੋਗਰਾਮ ਦੀ ਫੁੱਲ ਡਰੈੱਸ ਰਿਹਰਸਲ ਅੱਜ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਈ ਗਈ, ਜਿਸਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਆਈ.ਜੀ. ਸ੍ਰੀ ਮੋਹਨੀਸ਼ ਚਾਵਲਾ ਵਿਸ਼ੇਸ਼ ਤੌਰ ਉਤੇ ਪੁੱਜੇ। ਇਸ ਮੌਕੇ ਵੱਖ-ਵੱਖ ਪੰਜਾਬ ਪੁਲਿਸ, ਪੰਜਾਬ ਜੇਲ੍ਹ ਗਾਰਡ, ਪੰਜਾਬ ਹੋਮ ਗਾਰਡ, ਐਨ ਸੀ ਸੀ ਦੇ ਬੱਚਿਆਂ ਦੇ ਪੁਲਿਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ ਨੇ ਪਰੇਡ ਵਿਚ ਹਿੱਸਾ ਲਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ। ਆਈ.ਜੀ. ਸ੍ਰੀ ਮੋਹਨੀਸ਼ ਚਾਵਲਾ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ ਵੀ ਉਨਾਂ ਨਾਲ ਪਰੇਡ ਦੇ ਮੁਆਇਨੇ ਮੌਕੇ ਉਨਾਂ ਨਾਲ ਹਾਜ਼ਰ ਰਹੇ।

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਜੈ ਕਿਸ਼ਨ ਰੋੜੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ ਅਤੇ ਉਹ ਇਸ ਦਿਨ ਸਟੇਡੀਅਮ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ ਜਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਉਨਾਂ ਨੇ ਕਿਹਾ ਕਿ ਇਹ ਸਾਡਾ ਰਾਸ਼ਟਰੀ ਤਿਉਹਾਰ ਹੈ, ਨਾ ਕਿ ਕੇਵਲ ਬੱਚਿਆਂ ਜਾਂ ਸਰਕਾਰੀ ਕਰਮਚਾਰੀਆਂ ਦਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ-ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।

ਇਸ ਮੌਕੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਮੁਖਵਿੰਦਰ ਸਿੰਘ ਭੁੱਲਰ ਡੀ ਸੀ ਪੀ, ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ, ਸ੍ਰੀਮਤੀ ਗੁਰਸਿਮਰਨ ਕੌਰ ਸਹਾਇਕ ਕਮਿਸ਼ਨਰ ਜਨਰਲ, ਤੇਜਬੀਰ ਸਿੰਘ ਹੁੰਦਲ, ਸ੍ਰੀ ਰਾਜੇਸ਼ ਸ਼ਰਮਾ ਜਿਲ੍ਹਾ ਸਿਖਿਆ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Posted By: Ramanjit Kaur