-3 ਗਿ੍ਰਫ਼ਤਾਰ; ਫਰਜ਼ੀ ਦਸਤਾਵੇਜ਼, ਮੋਹਰਾਂ ਤੇ ਪਛਾਣ ਪੱਤਰ ਬਰਾਮਦ

-ਜ਼ਮਾਨਤ ਦਿਵਾਉਣ ਬਦਲੇ ਵਸੂਲਦੇ ਨੇ 10 ਹਜ਼ਾਰ ਤੋਂ ਇਕ ਲੱਖ ਤਕ 15 ਤੋਂ ਜ਼ਿਆਦਾ ਮੁਲਜ਼ਮ ਹਨ ਗਿਰੋਹ 'ਚ ਸ਼ਾਮਲ

ਜੇਐੱਨਐੱਨ, ਅੰਮਿ੍ਰਤਸਰ : ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਅਦਾਲਤ ਵਿਚ ਫ਼ਰਜ਼ੀ ਦਸਤਵੇਜ਼ਾਂ ਦੇ ਆਧਾਰ 'ਤੇ ਜ਼ਮਾਨਤਾਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਸੋਮਵਾਰ ਦੀ ਰਾਤ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਕਈ ਫਰਜ਼ੀ ਦਸਤਾਵੇਜ਼, ਮੋਹਰਾਂ ਅਤੇ ਪਛਾਣ ਪੱਤਰ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 15 ਤੋਂ ਜ਼ਿਆਦਾ ਲੋਕਾਂ ਨੇ ਮਿਲ ਕੇ ਇਕ ਗਿਰੋਹ ਬਣਾ ਰੱਖਿਆ ਹੈ, ਜੋ ਅਪਰਾਧਿਕ ਮਾਮਲਿਆਂ ਵਿਚ ਲੋਕਾਂ ਦੀ ਜ਼ਮਾਨਤੀ ਦਸਤਾਵੇਜ਼ ਭਰਨ ਦਾ ਕੰਮ ਕਰ ਰਹੇ ਹਨ।

ਏਐੱਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਛੇਹਰਟਾ ਸਥਿਤ ਮਨਚੰਦਾ ਬਿਲਡਿੰਗ ਵਾਸੀ ਸਰਬਜੀਤ ਸਿੰਘ ਉਰਫ ਸਾਬੂ, ਛੇਹਰਟਾ ਦੇ ਅਰਜੁਨ ਨਗਰ ਦੀ ਗਲੀ ਨੰਬਰ-7 ਵਾਸੀ ਮਨਦੀਪ ਸਿੰਘ ਅਤੇ ਭੱਲਾ ਕਾਲੋਨੀ ਵਾਸੀ ਕੁਲਦੀਪ ਸਿੰਘ ਉਰਫ ਟੀਟੂ ਦੇ ਵਜੋਂ ਦੱਸੀ ਹੈ। ਪੁਲਿਸ ਮੁਤਾਬਕ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਚਹਿਰੀ ਕੰਪਲੈਕਸ ਵਿਚ ਇਕ ਗਿਰੋਹ ਲੋਕਾਂ ਦੀ ਜ਼ਮਾਨਤ ਦੇ ਫਰਜ਼ੀ ਦਸਤਾਵੇਜ਼ ਅਦਾਲਤ ਵਿਚ ਜਮ੍ਹਾ ਕਰਵਾ ਰਿਹਾ ਹੈ। ਇਸਦੇ ਬਦਲੇ 'ਚ ਦੱਸ ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ। ਸੋਮਵਾਰ ਦੀ ਸ਼ਾਮ ਛਾਪੇਮਾਰੀ ਕਰਦੇ ਹੋਏ ਪੁਲਿਸ ਨੇ ਉਕਤ ਤਿੰਨਾਂ ਮੁਲਜ਼ਮਾਂ ਨੂੰ ਵੱਖੋ-ਵੱਖ ਥਾਵਾਂ ਤੋਂ ਕਾਬੂ ਕੀਤਾ। ਬਾਅਦ ਵਿਚ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਕੁਝ ਮਕਾਨਾਂ ਦੀਆਂ ਰਜਿਸਟਰੀਆਂ, ਫਰਜ਼ੀ ਪਛਾਣ ਪੱਤਰ ਵੀ ਬਰਾਮਦ ਕਰ ਲਏ। ਫਿਲਹਾਲ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੁੱਟਮਾਰ, ਝਗੜੇ, ਧੋਖਾਦੇਹੀ ਅਤੇ ਨਸ਼ਾ ਸਮੱਗਲਿੰਗ ਦੇ ਕੇਸਾਂ ਵਿਚ ਕੁਝ ਮੁਲਜ਼ਮਾਂ ਨੂੰ ਆਪਣੇ ਫਰਜ਼ੀ ਦਸਤਾਵੇਜ਼ਾਂ ਦੇ ਮਾਰਫ਼ਤ ਜ਼ਮਾਨਤ ਹਾਸਲ ਕਰਵਾ ਚੁੱਕੇ ਹਨ।

ਬਾਕਸ . . .

ਮੁਨਸ਼ੀਆਂ ਦੇ ਨਾਂ ਵੀ ਆਏ ਸਾਹਮਣੇ!

ਦੱਸਿਆ ਜਾ ਰਿਹਾ ਹੈ ਕਿ ਕਚਹਿਰੀ ਕੰਪਲੈਕਸ ਵਿਚ ਚੱਲਣ ਵਾਲੇ ਇਸ ਧੰਦੇ ਵਿਚ ਕੁਝ ਵਕੀਲਾਂ ਦੇ ਮੁਨਸ਼ੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਫਿਲਹਾਲ ਜਿਨ੍ਹਾਂ ਮੁਲਜ਼ਮਾਂ ਦੇ ਨਾਂ ਪੁਲਿਸ ਲਿਸਟ ਵਿਚ ਹਨ, ਉਹ ਅੰਡਰਗਰਾਊਂਡ ਹੋ ਚੁੱਕੇ ਹੈ। ਥਾਣਾ ਮੁਖੀ ਸ਼ਿਵ ਦਰਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।