ਨਵੀਨ ਰਾਜਪੂਤ/ਅਮਨ ਦੇਵਗਣ, ਅੰਮ੍ਰਿਤਸਰ : ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ) ਦੇ ਫੜੇ ਗਏ ਚਾਰੇ ਅੱਤਵਾਦੀ ਸਲੀਪਰ ਸੈੱਲ ਨਿਕਲੇ। ਪਾਕਿਸਤਾਨ ਦੀ ਖਤਰਨਾਕ ਏਜੰਸੀ ਆਈਐੱਸਆਈ ਤੇ ਪਾਕਿ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਰੋਡੇ ਨੇ ਉਨ੍ਹਾਂ ਨੂੰ ਕਈ ਸਾਫਟ ਟਾਰਗੇਟ ਦਿੱਤੇ ਸਨ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਵੇ ਤਾਂ ਜੋ ਖੂਨ ਖਰਾਬਾ ਕਰ ਕੇ ਸੂਬੇ ਦਾ ਮਾਹੌਲ ਵਿਗਾੜਿਆ ਜਾ ਸਕੇ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਭਲੜਵਾਲ ਵਾਸੀ ਵਿੱਕੀ ਭੁੱਟੀ ਆਈਐੱਸਆਈ ਦੇ ਏਜੰਟ ਕਾਸਿਮ ਤੇ ਲਖਬੀਰ ਰੋਡੇ ਨਾਲ ਪਿਛਲੇ ਦੋ ਸਾਲਾਂ ਤੋਂ ਸੰਪਰਕ ਵਿਚ ਸੀ। ਕਾਸਿਮ ਨੇ ਵਿੱਕੀ ਨੂੰ ਦੱਸਿਆ ਸੀ ਕਿ ਉਸ ਨੂੰ ਆਰਡੀਐਕਸ, ਗ੍ਰਨੇਡ ਤੇ ਪਿਸਤੌਲਾਂ ਦੀ ਕਿਤੇ ਵੀ ਕਮੀ ਨਹੀਂ ਆਉਣ ਦਿੱਤਾ ਜਾਵੇਗੀ। ਉਸ ਨੂੰ ਬੱਸ ਇਕ ਟੀਮ ਤਿਆਰ ਕਰਨੀ ਹੈ ਜੋ ਉਸ ਦੇ ਇਕ ਇਸ਼ਾਰੇ ’ਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਵੇ।

ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਟਾਰਗੇਟ ’ਤੇ ਇਸ ਸੀਜ਼ਨ ਦੇ ਤਿਉਹਾਰ, ਵਿਧਾਨ ਸਭਾ ਚੋਣਾਂ ਦੀਆਂ ਰੈਲੀਆਂ, ਸਕੂਲ, ਕਾਲਜ ਸਨ। ਵਿੱਕੀ ਨੂੰ ਕਾਸਿਮ ਨੇ ਦੱਸਿਆ ਸੀ ਕਿ ਉਸ ਦੀ ਟੀਮ ਨੂੰ ਪੈਸਿਆਂ ਨਾਲ ਮਾਲਾਮਾਲ ਕਰ ਦਿੱਤਾ ਜਾਵੇਗਾ। ਇਸ ਦੇ ਬਦਲੇ ਵਿਚ ਉਸ ਨੂੰ ਪੰਜਾਬ ਵਿਚ ਅੱਤਵਾਦੀ ਵਾਰਦਾਤਾਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਹੱਤਿਆ ਕਰਨੀ ਹੋਵੇਗੀ। ਆਉਣ ਵਾਲੇ ਕੁਝ ਦਿਨਾਂ ਵਿਚ ਉਸ ਨੂੰ ਸਿਆਸੀ ਤੇ ਧਾਰਮਿਕ ਹਸਤੀਆਂ ਨੂੰ ਉਡਾਉਣ ਦੀ ਸੂਚੀ ਮਿਲਣੀ ਬਾਕੀ ਸੀ।

ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਬਾਅਦ ਪੁਲਿਸ ਨੇ ਸਰਹੱਦੀ ਖੇਤਰ ਵਿਚ ਬੀਐੱਸਐੱਫ ਦੇ ਨਾਲ ਮਿਲ ਕੇ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਲਈ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਸਰਹੱਦੀ ਖੇਤਰ ਵਿਚ ਸੁੱਟੀ ਜਾ ਚੁੱਕੀ ਹੈ ਤੇ ਉਨ੍ਹਾਂ ਦਾ ਕੋਈ ਹੋਰ ਸਾਥੀ ਉਸ ਨੂੰ ਟਿਕਾਣੇ ਲਾਉਣ ਦੀ ਫਿਰਾਕ ਚਿਵ ਹੈ।

ਉਧਰ ਪੁਲਿਸ ਨੇ ਫੜੇ ਗਏ ਅੱਤਵਾਦੀ ਵਿੱਕੀ ਭੁੱਟੀ, ਉਗਰ ਔਲਖ ਪਿੰਡ ਵਾਸੀ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ। ਅੱਤਵਾਦੀ ਰੂਬਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।

Posted By: Jagjit Singh