ਮਨੋਜ ਕੁਮਾਰ, ਅੰਮ੍ਰਿਤਸਰ : ਅੰਮ੍ਰਿਤਸਰ ਦੀ ਇਕ ਨਾਬਾਲਿਗ ਲੜਕੀ ਨੂੰ ਸੋਸ਼ਲ ਸਾਈਟ 'ਤੇ ਪਿਆਰ ਕਰਨਾ ਮਹਿੰਗਾ ਪਿਆ। ਉਸ ਨੂੰ ਇੰਸਟਾਗ੍ਰਾਮ ਰਾਹੀਂਂ 3 ਮਹੀਨੇ ਪਹਿਲਾਂ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਚੰਦਰ ਵਰਦਈ ਨਗਰ ਵਾਸੀ ਭਵਾਨੀ ਪ੍ਰਤਾਪ ਸਿੰਘ ਨਾਲ ਪਿਆਰ ਹੋ ਗਿਆ ਸੀ। ਮੁਲਜ਼ਮ ਉਸ ਨੂੰ ਪੰਜ ਅਕਤੂਬਰ ਨੂੰ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਤੇ ਰਾਜਸਥਾਨ ਲੈ ਗਿਆ। ਉੱਥੇ ਉਸ ਨੇ ਤੇ ਉਸ ਦੇ ਦੋਸਤਾਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਘਟਨਾ ਤੋਂ ਬਾਅਦ ਰਾਜਸਥਾਨ ਦੇ ਗੇਗਲ ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜ਼ੀਰੋ ਐਫਆਈਆਰ ਦਰਜ ਕਰ ਲਈ ਹੈ। ਉਕਤ ਕਾਰਵਾਈ ਨੂੰ ਧਿਆਨ ਵਿਚ ਰੱਖਦਿਆਂ ਲੋਪੋਕੇ ਥਾਣੇ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਭਵਾਨੀ ਪ੍ਰਤਾਪ ਸਿੰਘ, ਗੌਰਵ, ਸੁਨੀਲ ਕੁਮਾਰ, ਸੁਰਿੰਦਰ ਸਿੰਘ, ਨੀਤੂ, ਊਸ਼ਾ ਉਰਫ਼ ਚੀਨਾ ਤੇ ਰਵਿੰਦਰ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ। ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਇੰਸਟਾਗ੍ਰਾਮ ਉਤੇ ਉਸ ਦੀ ਦੋਸਤੀ ਭਵਾਨੀ ਪ੍ਰਤਾਪ ਸਿੰਘ ਨਾਲ ਹੋਈ ਸੀ। ਭਵਾਨੀ ਪ੍ਰਤਾਪ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਰਾਜਸਥਾਨ ਵਿੱਚ ਸੀਆਰਪੀਐੱਫ ਵਿਚ ਬਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਹੈ। ਵਿਆਹ ਦਾ ਝਾਂਸਾ ਦੇ ਕੇ ਭਵਾਨੀ ਪ੍ਰਤਾਪ ਸਿੰਘ ਉਸ ਨੂੰ ਮਿਲਣ ਲਈ ਪੰਜ ਅਕਤੂਬਰ ਨੂੰ ਅੰਮ੍ਰਿਤਸਰ ਆਇਆ। ਉਹ ਉਸ ਨੂੰ ਬੱਸ ਵਿੱਚ ਬਿਠਾ ਕੇ ਦਿੱਲੀ ਤੇ ਰਾਜਸਥਾਨ ਲੈ ਗਿਆ। ਉੱਥੇ ਉਸ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਬਾਅਦ ਵਿਚ ਆਪਣੇ ਦੋਸਤਾਂ ਸੁਨੀਲ ਕੁਮਾਰ, ਗੌਰਵ ਕੁਮਾਰ, ਸੁਰਿੰਦਰ ਤੇ ਰਵਿੰਦਰ ਦੇ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਬੜੀ ਮੁਸ਼ਕਲ ਨਾਲ ਬਚ ਕੇ ਆਪਣੇ ਪਰਿਵਾਰ ਕੋਲ ਪੁੱਜੀ।

Posted By: Amita Verma