ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਦੇ ਦਰਸ਼ਨ ਕਰਨ ਲਈ ਪੁੱਜੇ। ਅੱਬਾਸੀ ਦਾ ਇੱਥੇ ਪੁੱਜਣ 'ਤੇ ਐੱਮਪੀਏ ਰਮੇਸ਼ ਸਿੰਘ ਅਰੋੜਾ ਨੇ ਸਵਾਗਤ ਕੀਤਾ। ਅਰੋੜਾ ਨੇ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਬਾਸੀ ਨੇ ਕਿਹਾ ਹੈ, ''ਸਿੱਖਾਂ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ, ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਤੇ ਆਖ਼ਰੀ ਅਰਾਮਗਾਹ ਪਾਕਿਸਤਾਨ ਵਿਚ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਅਸਥਾਨ ਅਤੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਅਸਥਾਨ ਪਾਕਿਸਤਾਨ ਦੀ ਧਰਤੀ 'ਤੇ ਹੈ। ਪਾਕਿਸਤਾਨ ਅਤੇ ਸਿੱਖ ਸਮਾਜ ਦਾ ਆਪਸ ਵਿਚ ਅਨਿੱਖੜਵਾਂ ਰਿਸ਼ਤਾ ਹੈ, ਇਹ ਮੁਲਕ ਹਮੇਸ਼ਾਂ ਤੋਂ ਸਿੱਖਾਂ ਦੀਆਂ ਇਬਾਦਤਗਾਹਾਂ ਨੂੰ ਸੁਰੱਖਿਆ ਦਿੰਦਾ ਆਇਆ ਹੈ''। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਨੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤਕ ਸਿੱਧੀ ਸੜਕ ਬਣਾਉਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਕੰਮ ਰੁਕ ਗਿਆ ਸੀ, ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਇਮਰਾਨ ਹਕੂਮਤ ਇਹ ਕੰਮ ਮੁਕੰਮਲ ਕਰੇ। ਅੱਬਾਸੀ ਨੇ ਸਿੱਖ ਰਵਾਇਤਾਂ ਮੁਤਾਬਕ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ੰਥੀ ਭਾਈ ਗੋਬਿੰਦ ਸਿੰਘ ਨੇ ਅੱਬਾਸੀ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦਿੱਤਾ। ਇਸ ਦੌਰਾਨ ਸੈਨੇਟਰ ਮੁਸੱਦਕ ਮਲਿਕ, ਇੰਦਰਜੀਤ ਸਿੰਘ ਅਰੋੜਾ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਹਾਜ਼ਰ ਸਨ।

Posted By: Susheel Khanna