ਮੈਡਮ ਸਿੱਧੂ ਦੇ 'CM ਚਿਹਰੇ ਲਈ 500 ਕਰੋੜ' ਵਾਲੇ ਬਿਆਨ ਦੇ ਸਮਰਥਨ 'ਚ ਆਇਆ ਸਾਬਕਾ ਕਾਂਗਰਸੀ ਵਿਧਾਇਕ
ਹਰਜਿੰਦਰ ਠੇਕੇਦਾਰ ਨੇ ਕਿਹਾ ਕਿ ਉਸ ਸਮੇਂ ਚੰਡੀਗੜ੍ਹ 'ਚ ਮੰਗੇ ਚਾਰ ਕਰੋੜ ਦਾ ਉਨ੍ਹਾਂ ਨੇ ਪੂਰੇ ਪ੍ਰੈਸ 'ਚ ਉਜਾਗਰ ਕੀਤਾ ਸੀ ਜਿਸ ਕਰਕੇ ਉਸ ਸਮੇਂ ਨਾ ਤਾਂ ਉਨ੍ਹਾਂ ਨੂੰ ਟਿਕਟ ਮਿਲੀ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਵੀ ਬਾਹਰ ਕੀਤਾ ਗਿਆ ਸੀ।
Publish Date: Tue, 09 Dec 2025 04:22 PM (IST)
Updated Date: Tue, 09 Dec 2025 04:28 PM (IST)
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਦੱਖਣੀ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਹਲਕਾ ਦਖਣੀ ਇੰਚਾਰਜ ਭਾਰਤੀ ਜਨਤਾ ਪਾਰਟੀ ਹਰਜਿੰਦਰ ਸਿੰਘ ਠੇਕੇਦਾਰ ਨੇ ਅਦਾਰਾ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਸੀਐਮ ਚਿਹਰੇ ਲਈ ਕਾਂਗਰਸ ਪਾਰਟੀ ਵਿੱਚ ਮੰਗੇ ਜਾਂਦੇ 500 ਕਰੋੜ ਦੇ ਬਿਆਨ ਦਾ ਸਮਰਥਨ ਕੀਤਾ ਹੈ, ਉੱਥੇ ਹੀ ਇਹ ਖੁਲਾਸਾ ਵੀ ਕੀਤਾ ਕਿ 2007 ਤਕ ਉਨ੍ਹਾਂ ਆਪਣੀ ਵਿਧਾਇਕੀ ਦਾ ਕਾਰਜਕਾਲ ਪੂਰਾ ਕੀਤਾ। ਇਸ ਉਪਰੰਤ 2008 ਦੀ ਜ਼ਿਮਨੀ ਚੋਣ ਲਈ ਉਹ ਚੰਡੀਗੜ੍ਹ ਗਏ ਤੇ ਉਸ ਸਮੇਂ ਦੇ ਇੰਚਾਰਜ ਲਾਲ ਸਿੰਘ ਨੂੰ ਮਿਲੇ, ਜਿੱਥੇ ਉਨ੍ਹਾਂ ਕੋਲੋਂ ਟਿਕਟ ਦੇਣ ਬਦਲੇ 4 ਕਰੋੜ ਦੀ ਮੰਗ ਕੀਤੀ ਗਈ। ਪਰ ਉਹ ਜਵਾਬ ਦੇ ਕੇ ਆਏ ਕਿ ਉਨ੍ਹਾਂ ਆਪਣੀ ਵਿਧਾਇਕੀ ਦੇ ਕਾਰਜਕਾਲ 'ਚ ਭ੍ਰਿਸ਼ਟਾਚਾਰ ਨਹੀਂ ਸਗੋਂ ਲੋਕ ਸੇਵਾ ਕੀਤੀ ਹੈ। ਉਹ ਇਸ ਤਰ੍ਹਾਂ ਚਾਰ ਕਰੋੜ ਨਹੀਂ ਦੇ ਸਕਦੇ ਸਗੋਂ ਟਿਕਟ ਮਿਲਣ ਉਤੇ ਜਿੱਤ ਦਾ ਦਾਅਵਾ ਜ਼ਰੂਰ ਕਰਦੇ ਹਨ।
ਹਰਜਿੰਦਰ ਠੇਕੇਦਾਰ ਨੇ ਕਿਹਾ ਕਿ ਉਸ ਸਮੇਂ ਚੰਡੀਗੜ੍ਹ 'ਚ ਮੰਗੇ ਚਾਰ ਕਰੋੜ ਦਾ ਉਨ੍ਹਾਂ ਨੇ ਪੂਰੇ ਪ੍ਰੈਸ 'ਚ ਉਜਾਗਰ ਕੀਤਾ ਸੀ ਜਿਸ ਕਰਕੇ ਉਸ ਸਮੇਂ ਨਾ ਤਾਂ ਉਨ੍ਹਾਂ ਨੂੰ ਟਿਕਟ ਮਿਲੀ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਵੀ ਬਾਹਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਡਮ ਨਵਜੋਤ ਕੌਰ ਸਿੱਧੂ ਨੇ ਵੀ ਇਸੇ ਤਰ੍ਹਾਂ ਹਿੰਮਤ ਕਰ ਕੇ ਆਖਰਕਾਰ ਕਾਂਗਰਸ ਵਲੋਂ ਟਿਕਟਾਂ ਲਈ ਮੰਗੇ ਜਾਂਦੇ ਪੈਸਿਆਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਭਾਵੇਂ ਬਹੁਤ ਦੇਰ ਬਾਅਦ ਪਰ ਆਖਿਰਕਾਰ ਉਹ ਸੱਚ ਬੋਲ ਹੀ ਗਏ ਹਨ। ਇਸ ਬਿਆਨ ਦਾ ਉਹ ਸਵਾਗਤ ਕਰਦੇ ਹਨ।