ਸਟਾਫ ਰਿਪੋਰਟਰ, ਅੰਮ੍ਰਿਤਸਰ : ਅਸ਼ਲੀਲ ਵੀਡੀਓ ਮਾਮਲੇ ਕਾਰਨ ਪੰਥ ’ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇਕ ਵਾਰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਘਰ ਵਾਪਸੀ ਦੀ ਗੁਹਾਰ ਲਾਈ ਹੈ।

ਲੰਗਾਹ ਨੇ ਕਿਹਾ ਕਿ ਉਹ ਕੀਤੇ ਗੁਨਾਹ ਦੀ ਸਜ਼ਾ ਪਿਛਲੇ ਕਰੀਬ 3 ਸਾਲ ਤੋਂ ਭੁਗਤ ਰਹੇ ਹਨ। ਪਰਿਵਾਰ ਲਈ ਜੋ ਸਮਾਜਿਕ ਜ਼ਿੰਮੇਵਾਰੀਆਂ ਹਨ, ਉਹ ਵੀ ਪੂਰੀਆਂ ਕਰਨ ਵਿਚ ਅਸਮਰੱਥ ਹੋ ਰਿਹਾ ਹਾਂ। ਅਜਿਹੇ ਹਾਲਾਤ ਵਿਚ ਸਾਧ ਸੰਗਤ ਤੇ ਗੁਰੂ ਘਰ ਨਾਲੋਂ ਤੋੜ ਵਿਛੋੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਲੰਗਾਹ ਨੇ ਕਿਹਾ ਕਿ 101 ਦਿਨ ਤੋਂ ਹਰ ਰੋਜ਼ ਉਹ ਆਪਣੇ ਘਰ ਤੋਂ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ, 150 ਕਿਲੋਮੀਟਰ ਸਫਰ ਕਰਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਜਦ ਤਕ ਉਹ ਵਾਪਸ ਘਰ ਨਹੀਂ ਪਰਤਦੇ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਰਾਹ ਦੇਖਦੇ ਹਨ। ਉਨ੍ਹਾਂ ਧਾਰਮਿਕ ਸ਼ਖ਼ਸੀਅਤਾਂ, ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੁੜ ਪੰਥ ਵਿਚ ਸ਼ਾਮਲ ਕਰ ਲਿਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸਜਾ ਦਿੱਤੀ ਜਾਵੇਗੀ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ।

ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ਨੇ ਹਰ ਰੋਜ਼ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿਚ ਬੈਠ ਕੇ ਨਿਤਨੇਮ ਕੀਤਾ।

Posted By: Jagjit Singh