ਅੰਮ੍ਰਿਤਸਰ : ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਗਏ ਉਡਣ ਦਸਤਿਆਂ ਨੇ ਅੱਜ ਹਲਕਾ ਅੰਮ੍ਰਿਤਸਰ ਦੱਖਣੀ ’ਚੋਂ ਟ੍ਰਾਈ ਸਾਈਕਲ, ਜੋ ਕਿ ਲੋੜਵੰਦ ਲੋਕਾਂ ਵਿੱਚ ਵੰਡਣ ਲਈ ਲਿਆਂਦੇ ਮਹਿਸੂਸ ਹੁੰਦੇ ਹਨ, ਕਬਜ਼ੇ ’ਚ ਲਏ ਹਨ। ਹਲਕੇ ਦੇ ਰਿਟਰਨਿੰਗ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਮੋਬਾਈਲ ’ਤੇ ਸ਼ਿਕਾਇਤ ਮਿਲੀ ਸੀ ਕਿ ਲੋੜਵੰਦਾਂ ਨੂੰ ਵੰਡਣ ਲਈ ਰਾਜਸੀ ਵਿਅਕਤੀ ਵੱਲੋਂ 6 ਟਰੱਕ ਟ੍ਰਾਈ ਸਾਈਕਲਾਂ ਦੇ ਮੰਗਵਾਏ ਗਏ ਹਨ, ਜੋ ਤਾਜ ਪੈਲੇਸ ਦੇ ਬਾਹਰ ਖੜ੍ਹੇ ਹਨ। ਫਲਾਇੰਗ ਸਕੁਐਡ ਜਿਸ ਦੀ ਅਗਵਾਈ ਅੰਸ਼ੂਮਨ ਸ਼ਰਮਾ ਬਤੌਰ ਡਿਊਟੀ ਮੈਜਿਸਟਰੇਟ ਕਰ ਰਹੇ ਸਨ, ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਹ ਮਾਮਲਾ ਸ਼ੱਕੀ ਲੱਗਿਆ, ਜਿਸ ਦੇ ਆਧਾਰ ’ਤੇ ਉਨ੍ਹਾਂ ਇਹ ਟਰੱਕ ਕਬਜ਼ੇ ’ਚ ਲੈ ਲਏ।

ਇਸ ਮੌਕੇ ਸ੍ਰੀ ਭਗਵਾਨ ਮਹਾਂਵੀਰ ਅੰਗਹੀਣ ਸਹਾਇਤਾ ਸੰਮਤੀ ਜੈਪੁਰ ਦੇ ਐਂਟੀਕੁਰਪਸ਼ਨ ਨਾਲ ਸਬੰਧਿਤ ਟਰੱਸਟ ਦੇ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਟਰੱਸਟ ਨਾਲ ਸਬੰਧਤ ਹਨ ਅਤੇ ਟਰੱਸਟ ਦਾ ਕੋਈ ਰਾਜਸੀ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕੋਡ ਲੱਗਣ ਤੋਂ ਪਹਿਲਾਂ 15-16-17 ਜਨਵਰੀ ਨੂੰ ਇਹ ਕੈਂਪ ਲਾਉਣ ਦੀ ਪ੍ਰਵਾਨਗੀ ਲਈ ਸੀ, ਪਰ ਮਾਮਲਾ ਸ਼ੱਕੀ ਹੋਣ ਕਾਰਨ ਟਰੱਕ ਪੁਲਿਸ ਦੇ ਕਬਜ਼ੇ ’ਚ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਦੀ ਤਹਿ ਤਕ ਪੁੱਜਿਆ ਜਾਵੇਗਾ।

Posted By: Jagjit Singh